ਪੰਜਾਬ ‘ਚ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਲਾਏ ਡੇਰੇ; ਵਧੀ ਕਿਸਾਨਾਂ ਦੀ ਚਿੰਤਾ, ਖੇਤਾਂ ’ਚ ਖੜ੍ਹੀ ਝੋਨੇ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ
ਚੰਡੀਗੜ੍ਹ 29 ਸਤੰਬਰ 2026
ਪੰਜਾਬ ਵਿੱਚ ਬਦਲਦੇ ਮੌਸਮ ਅਤੇ ਪੈ ਰਹੇ ਮੀਂਹ ਨੇ ਝੋਨਾ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਈ ਕਿਸਾਨਾਂ ਦੀ ਝੋਨੇ ਦੀ ਫਸਲ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਹੈ, ਜਦਕਿ ਕੁਝ ਕਿਸਾਨ ਆਪਣੀ ਫਸਲ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਲੈ ਕੇ ਪਹੁੰਚ ਚੁੱਕੇ ਹਨ। ਅਜਿਹੇ ਵਿੱਚ ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਫਸਲ ਦੇ ਝਾੜ ਅਤੇ ਗੁਣਵੱਤਾ ’ਤੇ ਅਸਰ ਪੈਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਮੀਂਹ ਕਾਰਨ ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਪਹੁੰਚੀ ਝੋਨੇ ਦੀ ਫਸਲ ਵੀ ਭਿੱਜਣ ਦੀਆਂ ਸੂਚਨਾਵਾਂ ਮਿਲੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਪਹਿਲਾਂ ਹੀ ਤਿਆਰ ਹੋ ਚੁੱਕੀ ਫਸਲ ਦੀ ਕਟਾਈ ਅਤੇ ਸੰਭਾਲ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ।
ਦੱਸਦੇ ਚੱਲੀਏ ਕਿ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ। ਇਸ ਤੋਂ ਪਹਿਲਾਂ ਕਈ ਇਲਾਕਿਆਂ ਵਿੱਚ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਥਾਵਾਂ ’ਤੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦੇ ਵਿਛਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਕਾਰਨ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਅਤੇ ਮੰਡੀਕਰਨ ਸਬੰਧੀ ਚਿੰਤਾ ਸਤਾਉਣ ਲੱਗੀ ਹੈ।







