- ਟੈਂਕ ਸਾਫ਼ ਕਰਦੇ ਸਮੇਂ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਏ 5 ਵਿਦਿਆਰਥੀ, 4 ਦੀ ਮੌਤ
ਵ੍ਰਿੰਦਾਵਨ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਚੈਤਨਯ ਵਿਹਾਰ ਸਥਿਤ ਮਹਾਰਿਸ਼ੀ ਪਾਣਿਨੀ ਗੁਰੁਕੁਲ ਵਿੱਚ ਮੰਗਲਵਾਰ ਦੇਰ ਰਾਤ ਵਾਪਰੇ ਦਰਦਨਾਕ ਹਾਦਸੇ ਵਿੱਚ ਪਾਣੀ ਦੇ ਟੈਂਕ ਦੀ ਸਫਾਈ ਕਰਨ ਉਤਰੇ 5 ਵਿਦਿਆਰਥੀ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਗਏ। ਪੰਜੇ ਵਿਦਿਆਰਥੀ ਟੈਂਕ ਅੰਦਰ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 4 ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੁਰੁਕੁਲ ਵਿੱਚ ਜ਼ਮੀਨ ਹੇਠਾਂ ਬਣੇ ਪਾਣੀ ਦੇ ਟੈਂਕ ਦੀ ਸਫਾਈ ਲਈ ਵਿਦਿਆਰਥੀਆਂ ਦੀ ਡਿਊਟੀ ਲਗਾਈ ਜਾਂਦੀ ਸੀ। ਮੰਗਲਵਾਰ ਰਾਤ ਕਰੀਬ 10:15 ਵਜੇ ਟੈਂਕ ਵਿੱਚੋਂ ਤੇਜ਼ ਬਦਬੂ ਆਉਣ ’ਤੇ ਪੰਜ ਵਿਦਿਆਰਥੀ ਇੱਕ-ਇੱਕ ਕਰਕੇ ਕਰੀਬ 12 ਫੁੱਟ ਡੂੰਘੇ ਟੈਂਕ ਵਿੱਚ ਉਤਰ ਗਏ। ਟੈਂਕ ਬੰਦ ਹੋਣ ਕਾਰਨ ਅੰਦਰ ਗੈਸ ਬਣੀ ਹੋਈ ਸੀ, ਜਿਸ ਦੀ ਲਪੇਟ ਵਿੱਚ ਆ ਕੇ ਸਾਰੇ ਬੇਹੋਸ਼ ਹੋ ਗਏ।
ਹਾਦਸਾ ਦੇਖ ਕੇ ਹੋਰ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਟੈਂਕ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਜਬਲਪੁਰ ਵਾਸੀ 20 ਸਾਲਾ ਮਨੂ ਕਟਾਰੇ, ਮੇਰਠ ਵਾਸੀ 18 ਸਾਲਾ ਵਿਸ਼ੂ ਸ਼ਰਮਾ, ਕੌਸ਼ਾਂਬੀ ਵਾਸੀ 18 ਸਾਲਾ ਆਰਿਆਨ ਪਾਂਡੇ ਅਤੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਾਸੀ 17 ਸਾਲਾ ਦੇਵਾਂਸ਼ ਸ਼ਰਮਾ ਵਜੋਂ ਹੋਈ ਹੈ। ਰੁਦ੍ਰ ਉਰਫ਼ ਰੁਦ੍ਰਾਕਸ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜੇ ਵਿਦਿਆਰਥੀਆਂ ਨੇ ਇਸੇ ਸਾਲ ਗੁਰੁਕੁਲ ਵਿੱਚ ਦਾਖਲਾ ਲਿਆ ਸੀ। ਗੁਰੁਕੁਲ ਵਿੱਚ ਕਰੀਬ 200 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੈ, ਜਦਕਿ ਲਗਭਗ 100 ਵਿਦਿਆਰਥੀ ਹੋਸਟਲ ਵਿੱਚ ਰਹਿੰਦੇ ਹਨ।
ਘਟਨਾ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਸੀਪੀ ਸਿੰਘ, ਨਗਰ ਕਮਿਸ਼ਨਰ ਓਜਸਵੀ ਰਾਜ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਦੱਸਿਆ ਗਿਆ ਹੈ ਕਿ ਗੁਰੁਕੁਲ ਦਾ ਸੰਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਚਲਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।







