ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: ਦੂਜੇ ਦਿਨ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਸਮੇਤ ਰਾਹੁਲ-ਪ੍ਰਿਯੰਕਾ ਦਾ ਪ੍ਰਦਰਸ਼ਨ

Top Trending News ਰਾਸ਼ਟਰੀ
  • ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: ਦੂਜੇ ਦਿਨ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਸਮੇਤ ਰਾਹੁਲ-ਪ੍ਰਿਯੰਕਾ ਦਾ ਪ੍ਰਦਰਸ਼ਨ

ਨਵੀਂ ਦਿੱਲੀ:, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ ਕੀਤਾ। ਜੰਤਰ-ਮੰਤਰ ਵੱਲ ਜਾ ਰਹੇ ਰਾਹੁਲ, ਪ੍ਰਿਯੰਕਾ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਰੋਕ ਦਿੱਤਾ।

ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਪ੍ਰਿਯੰਕਾ ਗਾਂਧੀ ਸੰਵਿਧਾਨ ਦੀ ਕਾਪੀ ਹੱਥ ਵਿੱਚ ਲੈ ਕੇ ਸੜਕ ’ਤੇ ਲੇਟ ਗਈ। ਇਸ ਦੌਰਾਨ ਕਾਂਗਰਸ ਵਰਕਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਬਾਅਦ ਵਿੱਚ ਪੁਲਿਸ ਨੇ ਰਾਹੁਲ ਅਤੇ ਪ੍ਰਿਯੰਕਾ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਪ੍ਰਦਰਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਾਗਰ ਰਤਨਾ ਰੈਸਟੋਰੈਂਟ ਵਿੱਚ ਇਕੱਠੇ ਹੋਏ ਸਨ, ਜਿੱਥੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਬੱਸਾਂ ਰਾਹੀਂ ਜੰਤਰ-ਮੰਤਰ ਵੱਲ ਰਵਾਨਾ ਹੋਏ। ਸਮਾਜਵਾਦੀ ਪਾਰਟੀ ਦੇ ਆਗੂ ਇਸ ਲੰਚ ਵਿੱਚ ਸ਼ਾਮਲ ਨਹੀਂ ਹੋਏ।

ਇਸ ਤੋਂ ਇੱਕ ਦਿਨ ਪਹਿਲਾਂ INDIA ਬਲਾਕ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਸਮੇਤ ਹੋਰ ਆਗੂਆਂ ਨੇ ਆਕਾਸ਼ਵਾਣੀ ਭਵਨ ਵਿੱਚ ਕਰੀਬ 8 ਘੰਟੇ ਧਰਨਾ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬਾਅਦ ਵਿੱਚ ਛੱਡ ਦਿੱਤਾ ਸੀ।

ਆਕਾਸ਼ਵਾਣੀ ਭਵਨ ਵਿੱਚ ਕਥਿਤ ਤੌਰ ’ਤੇ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੇ ਮਾਮਲੇ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਆਗੂਆਂ ਖ਼ਿਲਾਫ਼ ਦਿੱਲੀ ਪੁਲਿਸ ਵੱਲੋਂ FIR ਵੀ ਦਰਜ ਕੀਤੀ ਗਈ ਹੈ।