ਭਾਜਪਾ ਸਰਕਾਰ ਬਣਨ ‘ਤੇ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਉਪਰ ਐਮਐਸਪੀ ਦਿੱਤੀ ਜਾਵੇਗੀ : ਕੇਵਲ ਸਿੰਘ ਢਿੱਲੋਂ

Top Trending News ਪੰਜਾਬ

ਭਾਜਪਾ ਸਰਕਾਰ ਬਣਨ ‘ਤੇ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਉਪਰ ਐਮਐਸਪੀ ਦਿੱਤੀ ਜਾਵੇਗੀ : ਕੇਵਲ ਸਿੰਘ ਢਿੱਲੋਂ

ਬੀਜੇਪੀ ਕਿਸਾਨ ਮੋਰਚੇ ਦੇ ਨਵੀਂ ਟੀਮ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਲਿਆ ਮਾਰਗਦਰਸ਼ਨ

ਚੰਡੀਗੜ੍ਹ, 10 ਅਕਤੂਬਰ ( )- ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੀ ਨਵੀਂ ਸੂਬਾ ਟੀਮ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਹਾਜ਼ਰ ਹੋਏ ਅਤੇ ਸਮੁੱਚੀ ਟੀਮ ਨੇ ਉਹਨਾਂ ਦਾ ਮਾਰਗਦਰਸ਼ਨ ਲਿਆ।‌

ਇਸ ਮੌਕੇ ਸੂਬਾ ਪ੍ਰਧਾਨ ਢਿੱਲੋਂ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਡੱਟ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਖਾਸ ਕਰ ਸਾਡੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਫੇਰ ਹੀ ਸੰਭਵ ਹੈ ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ। ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਪੰਜ ਮਿੰਟਾਂ ਵਿੱਚ ਸਾਰੀਆਂ ਫਸਲਾਂ ਉਪਰ ਐਮਐਸਪੀ ਦੇਣ ਦੀ ਗੱਲ ਕਰਦੀ ਸੀ, ਪਰ ਅੱਜ ਸਾਢੇ ਚਾਰ ਸਾਲਾਂ ‘ਚ ਕਿਸਾਨਾਂ ਨੂੰ ਕੁੱਟਣ ਤੋਂ ਬਿਨਾਂ ਲਈ ਕੋਈ ਕੰਮ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਲਈ ਬਹੁਤ ਕੰਮ ਕਰ ਰਹੀ ਹੈ।‌ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਤੇ ਕਣਕ ਉਪਰ ਐਮਐਸਪੀ ਦੇਣ ਦਾ ਕੰਮ ਵੀ ਮੋਦੀ ਸਰਕਾਰ ਹੀ ਕਰ ਰਹੀ ਹੈ।‌ ਜਦਕਿ ਕਿਸਾਨ ਸਨਮਾਨ ਨਿਧੀ ਨਾਲ ਵੱਡੀ ਮੱਦਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ।‌ ਇਸੇ ਤਰ੍ਹਾਂ ਯੂਰੀਆ ਖਾਦ ਦਾ ਜੋ ਗੱਟਾ 2800 ਰੁਪਏ ਦਾ ਮਿਲਦਾ ਹੈ, ਉਹ ਸਿਰਫ 266 ਰੁਪਏ ਵਿੱਚ ਕਿਸਾਨਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ।‌

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਭਾਜਪਾ ਸਰਕਾਰ ਕਿਸਾਨਾਂ ਨੂੰ ਸਾਰੀਆਂ ਫਸਲਾਂ ਉਪਰ ਐਮਐਸਪੀ ਦੇ ਰਹੀ ਹੈ ਅਤੇ ਪੰਜਾਬ ਵਿਚ ਭਾਜਪਾ ਸਰਕਾਰ ਬਣਨ ਤੇ ਸਾਰੀਆਂ ਫਸਲਾਂ ਸਮੇਤ ਸਬਜ਼ੀਆਂ ਤੇ ਫਲਾਂ ਉਪਰ ਵੀ ਸਬਸਿਡੀ ਦੇਵੇਗੀ। ਉਹਨਾਂ ਕਿਸਾਨ ਮੋਰਚੇ ਦੇ ਸਮੂਹ ਅਹੁਦੇਦਾਰਾਂ ਨੂੰ ਮੋਦੀ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਤੇ ਕੰਮਾਂ ਬਾਰੇ ਪਿੰਡ ਪਿੰਡ ਘਰ ਘਰ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮੋਰਚੇ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਮੂਹ ਮੋਰਚੇ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨ ਮੋਰਚਾ ਪਾਰਟੀ ਨੂੰ ਹਰ ਪੱਧਰ ਤੇ ਮਜ਼ਬੂਤ ਕਰਨ ਲਈ ਕੰਮ‌ ਕਰੇਗਾ ਅਤੇ 2027 ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਨਿਰਣਾਇਕ ਭੂਮਿਕਾ ਅਦਾ ਕਰੇਗਾ।