LPU ਹਿੰਸਾ ਮਾਮਲਾ: ਦੋਸ਼ੀ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਅਨੁਸ਼ਾਸਨੀ ਬੋਰਡ ਸਾਹਮਣੇ ਪੇਸ਼ ਹੋਣ ਦੇ ਹੁਕਮ

Top Trending News ਪੰਜਾਬ

LPU ਹਿੰਸਾ ਮਾਮਲਾ: ਦੋਸ਼ੀ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਅਨੁਸ਼ਾਸਨੀ ਬੋਰਡ ਸਾਹਮਣੇ ਪੇਸ਼ ਹੋਣ ਦੇ ਹੁਕਮ

ਜਲੰਧਰ, 10 ਅਕਤੂਬਰ 2026: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਕੈਂਪਸ ਵਿੱਚ 26 ਅਤੇ 27 ਸਤੰਬਰ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਂਪਸ ਵਿੱਚ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ, ਜਦਕਿ ਘਟਨਾਵਾਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਵਿਦਿਆਰਥੀਆਂ ਨੂੰ ਆਪਣੇ ਪੱਖ ਵਿੱਚ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ।

8 ਅਕਤੂਬਰ ਨੂੰ ਜਾਰੀ ਕੀਤੇ ਗਏ ਨੋਟਿਸ ਅਨੁਸਾਰ, ਸਬੰਧਤ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਯੂਨੀਵਰਸਿਟੀ ਦੇ ਅਨੁਸ਼ਾਸਨੀ ਬੋਰਡ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਆਪਣਾ ਪੱਖ ਰੱਖਣ ਅਤੇ ਸਪਸ਼ਟੀਕਰਨ ਦੇਣ ਦਾ ਮੌਕਾ ਮਿਲੇਗਾ।

ਨੋਟਿਸ ਮੁਤਾਬਕ, ਸੁਣਵਾਈ ਸਵੇਰੇ 10 ਵਜੇ ਯੂਨੀਵਰਸਿਟੀ ਕੈਂਪਸ ਦੇ ਬਲਾਕ ਨੰਬਰ 4 ਵਿੱਚ ਸਥਿਤ ਕਮਰਾ ਨੰਬਰ 211 ਵਿਖੇ ਹੋਵੇਗੀ।

ਇਸ ਕਾਰਵਾਈ ਨੂੰ ਕੈਂਪਸ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਰਸਮੀ ਅਨੁਸ਼ਾਸਨੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਬੋਰਡ ਦੀ ਸੁਣਵਾਈ ਅਤੇ ਉਸ ਤੋਂ ਬਾਅਦ ਹੋਣ ਵਾਲੇ ਫ਼ੈਸਲੇ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।