ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦੀ ਚਿਤਾਵਨੀ, ਫਰੀਦਕੋਟ ਰਿਹਾ ਸਭ ਤੋਂ ਗਰਮ
ਚੰਡੀਗੜ੍ਹ, 10 ਅਕਤੂਬਰ 2026: ਪੰਜਾਬ ਦੇ ਮੌਸਮ ਵਿੱਚ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਮੌਸਮ ਵਿਭਾਗ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਅਤੇ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਸਥਿਤ ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਦੇ ਨੇੜੇ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿਖੇ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ, ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਜੰਮੂ ਖੇਤਰ ਵਿੱਚ ਵੀ ਇੱਕ ਚੱਕਰਵਾਤੀ ਘੇਰਾ ਮੌਜੂਦ ਹੈ।
ਦੂਜੇ ਪਾਸੇ, ਗੁਜਰਾਤ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਐਂਟੀਸਾਈਕਲੋਨਿਕ ਸਰਕੂਲੇਸ਼ਨ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਮੌਸਮ ਦੀਆਂ ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਨੇੜਲੇ ਇਲਾਕਿਆਂ ਵਿੱਚ ਮੌਸਮ ਬਦਲ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੌਰਾਨ ਸਾਵਧਾਨੀ ਵਰਤਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ।







