ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ: ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਰੀਕ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

Top Trending News ਪੰਜਾਬ ਰਾਸ਼ਟਰੀ

 

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ: ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਰੀਕ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

ਜਲੰਧਰ/ਨਵੀਂ ਦਿੱਲੀ, 11 ਅਕਤੂਬਰ 2026: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ‘ਔਰਾ ਇੰਡੀਆ ਟੂਰ’ ਤਹਿਤ ਦਿੱਲੀ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਦੀ ਤਰੀਕ ਬਦਲ ਦਿੱਤੀ ਹੈ। ਪਹਿਲਾਂ ਇਹ ਕੰਸਰਟ 1 ਨਵੰਬਰ ਨੂੰ ਹੋਣਾ ਸੀ, ਪਰ ਹੁਣ ਇਹ 30 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਵਿਖੇ ਕਰਵਾਇਆ ਜਾਵੇਗਾ।

ਇਹ ਫ਼ੈਸਲਾ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਕੀਤੀ ਅਪੀਲ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। 1 ਨਵੰਬਰ ਦਾ ਦਿਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੀਆਂ ਦਰਦਨਾਕ ਯਾਦਾਂ ਨਾਲ ਜੁੜਿਆ ਹੋਇਆ ਹੈ। ਇਸ ਕਾਰਨ ਪ੍ਰਭਾਵਿਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਵਿੱਚ ਇਸ ਤਰੀਕ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਸੀ।

ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਕੰਸਰਟ ਦੀ ਤਰੀਕ ਬਦਲਣ ਦੀ ਬੇਨਤੀ ਕੀਤੀ ਸੀ। ਕੌਂਸਲ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਕਸਦ ਕਲਾਕਾਰ ਦਾ ਵਿਰੋਧ ਕਰਨਾ ਨਹੀਂ, ਸਗੋਂ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ।

ਦਿਲਜੀਤ ਵੱਲੋਂ ਤਰੀਕ ਬਦਲਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਭਾਰਤ ਦੌਰਾ 5 ਦਸੰਬਰ ਤੱਕ ਜਾਰੀ ਰਹੇਗਾ।