Punjab Breaking: ਸਕੂਲ ਨੇੜਿਓਂ ਅਸਾਲਟ ਬਰਾਮਦ, ਅਣਪਛਾਤਿਆਂ ਖ਼ਿਲਾਫ਼ FIR ਦਰਜ
ਮਿਲਟਰੀ ਇੰਟੈਲੀਜੈਂਸ ਤੇ ਕੰਬੋਅ ਪੁਲਿਸ ਦੀ ਸਾਂਝੀ ਕਾਰਵਾਈ; ਹਥਿਆਰ ਛੱਡਣ ਵਾਲਿਆਂ ਦੀ ਭਾਲ ਜਾਰੀ
ਅੰਮ੍ਰਿਤਸਰ, 12 ਅਕਤੂਬਰ 2026: ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਥਾਣਾ ਕੰਬੋਅ ਦੀ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚੋਂ ਇੱਕ ਅਸਾਲਟ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਸੂਚਨਾ ਮਿਲੀ ਸੀ ਕਿ ਉਕਤ ਇਲਾਕੇ ਦੇ ਖਾਲੀ ਪਲਾਟਾਂ ਵਿੱਚ ਮਾਰੂ ਹਥਿਆਰ ਜਾਂ ਅਸਲਾ ਲੁਕਾਇਆ ਹੋ ਸਕਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਸਰਵਨ ਸਿੰਘ ਦੀ ਅਗਵਾਈ ਹੇਠ ਕੰਬੋਅ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਖਾਲੀ ਪਲਾਟਾਂ ਵਿੱਚੋਂ ਪੀਲੇ ਰੰਗ ਦੇ ਲਿਫ਼ਾਫ਼ੇ ਵਿੱਚ ਲਪੇਟੀ ਹੋਈ ਇੱਕ ਅਸਾਲਟ ਬਰਾਮਦ ਹੋਈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਥਿਆਰ ਉੱਥੇ ਕਿਸ ਨੇ ਅਤੇ ਕਿਸ ਮਕਸਦ ਨਾਲ ਰੱਖਿਆ ਸੀ। ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।







