- ਲੰਡਨ ’ਚ ਸਿੱਖ ਕਾਰੋਬਾਰੀ ਹਰਮਨ ਸਿੰਘ ਕਪੂਰ ਗ੍ਰਿਫ਼ਤਾਰ
ਚੰਡੀਗੜ੍ਹ, 15 ਨਵੰਬਰ (ਦੇਸ਼ ਕਲਿੱਕ ਬਿਊਰੋ): ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਸਿੱਖ ਕਾਰੋਬਾਰੀ ਹਰਮਨ ਸਿੰਘ ਕਪੂਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਬੰਦ ਕਰਨ ਦੀ ਮੰਗ ਕਰਦਿਆਂ ਮਾਲਕ ਹਰਮਨ ਅਤੇ ਉਨ੍ਹਾਂ ਦੀ ਪਤਨੀ ਖੁਸ਼ੀ ਕਪੂਰ ਦੇ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ। ਹਰਮਨ ਕਪੂਰ ਦਾ ਦੋਸ਼ ਹੈ ਕਿ ਉਹ ਹਲਾਲ ਮੀਟ ਨਹੀਂ ਵੇਚਦੇ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਪਰਿਵਾਰ ਅਤੇ ਕਾਰੋਬਾਰ ਦੀ ਸੁਰੱਖਿਆ ਲਈ ਉਨ੍ਹਾਂ ਨੇ ਲੰਡਨ ਪੁਲਿਸ ਤੋਂ ਮਦਦ ਮੰਗੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ, ਲੰਡਨ ਪੁਲਿਸ ਨੇ ਹਾਲੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀ
13 ਨਵੰਬਰ 2026 ਦੀ ਸ਼ਾਮ ਨੂੰ ਲੰਡਨ ਦੇ ਹੈਮਰਸਮਿਥ ਇਲਾਕੇ ਵਿੱਚ ਸਥਿਤ ਹਰਮਨ ਕਪੂਰ ਦੇ ਰੈਸਟੋਰੈਂਟ ‘ਸਿੰਘਜ਼ ਡਾਈਨਿੰਗ’ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀ ਰੈਸਟੋਰੈਂਟ ਦੇ ਬਾਹਰ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ‘ਦ ਯੂਨੀਅਨ ਸਟਾਰ’ ਦੀ ਵੀਡੀਓ ਰਿਪੋਰਟ ਮੁਤਾਬਕ ਪ੍ਰਦਰਸ਼ਨ ਦੌਰਾਨ ਹਰਮਨ ਅਤੇ ਖੁਸ਼ੀ ਦਾ ਕਾਰੋਬਾਰ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਮੌਕੇ ’ਤੇ ਮੈਟਰੋਪੋਲੀਟਨ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ।
ਰੈਸਟੋਰੈਂਟ ਦੇ ਬਾਹਰ ਲੱਗਾ ਹੈ ‘ਪ੍ਰਾਊਡਲੀ ਨਾਨ-ਹਲਾਲ’ ਦਾ ਬੋਰਡ
ਹਰਮਨ ਕਪੂਰ ਦੇ ਰੈਸਟੋਰੈਂਟ ਦੇ ਬਾਹਰ ‘Proudly Non-Halal’ ਦਾ ਬੋਰਡ ਲੱਗਾ ਹੋਇਆ ਹੈ। ਹਰਮਨ ਦਾ ਕਹਿਣਾ ਹੈ ਕਿ ਉਹ ਆਪਣੇ ਸਿੱਖ ਧਾਰਮਿਕ ਵਿਸ਼ਵਾਸਾਂ ਅਨੁਸਾਰ ਝਟਕਾ ਮੀਟ ਪਰੋਸਦੇ ਹਨ ਅਤੇ ਹਲਾਲ ਮੀਟ ਨਹੀਂ ਵੇਚਦੇ। ਉਨ੍ਹਾਂ ਦਾ ਦਾਅਵਾ ਹੈ ਕਿ ਇਸੇ ਨੀਤੀ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਰਮਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਕਈ ਦਿਨਾਂ ਤੋਂ ਪੁਲਿਸ ਕੋਲ ਆਪਣੇ ਪਰਿਵਾਰ ਅਤੇ ਕਾਰੋਬਾਰ ਦੀ ਸੁਰੱਖਿਆ ਦੀ ਮੰਗ ਕਰ ਰਹੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਮੁਤਾਬਕ ਮਾਮਲਾ ਸਿਰਫ਼ ਖਾਣੇ ਦੀ ਕਿਸਮ ਦਾ ਨਹੀਂ, ਸਗੋਂ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਅਤੇ ਹਿੰਸਾ ਦੀਆਂ ਚਿਤਾਵਨੀਆਂ ਦਾ ਵੀ ਹੈ।
ਪਤਨੀ ਖੁਸ਼ੀ ਨੇ ਸੁਰੱਖਿਆ ਪ੍ਰਬੰਧਾਂ ’ਤੇ ਚੁੱਕੇ ਸਵਾਲ
ਹਰਮਨ ਦੀ ਪਤਨੀ ਖੁਸ਼ੀ ਕਪੂਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੀ ਮੰਗ ਕਰ ਰਿਹਾ ਸੀ। ਹੁਣ ਜਦੋਂ ਉਨ੍ਹਾਂ ਦੇ ਪਤੀ ਪੁਲਿਸ ਹਿਰਾਸਤ ਵਿੱਚ ਹਨ ਤਾਂ ਘਰ ਵਿੱਚ ਮੌਜੂਦ ਪਰਿਵਾਰ ਦੀ ਸੁਰੱਖਿਆ ਕੌਣ ਕਰੇਗਾ? ਖੁਸ਼ੀ ਨੇ ਦਾਅਵਾ ਕੀਤਾ ਕਿ ਬਰਤਾਨਵੀ ਅਦਾਕਾਰ ਜੌਨ ਕਲੀਜ਼ ਨੇ ਉਨ੍ਹਾਂ ਦੇ ਰੈਸਟੋਰੈਂਟ ਅਤੇ ਪਰਿਵਾਰ ਦੀ ਸੁਰੱਖਿਆ ਲਈ 8 ਸੁਰੱਖਿਆ ਗਾਰਡ ਭੇਜੇ ਸਨ। ਉਨ੍ਹਾਂ ਮੁਤਾਬਕ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ ਹੀ ਪਰਿਵਾਰ ਅਤੇ ਰੈਸਟੋਰੈਂਟ ਨੂੰ ਪ੍ਰਦਰਸ਼ਨਕਾਰੀਆਂ ਤੋਂ ਬਚਾਇਆ ਜਾ ਸਕਿਆ। ਹਾਲਾਂਕਿ, ਅਦਾਕਾਰ ਵੱਲੋਂ ਇਸ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਪਹਿਲਾਂ ਵੀ ਰੈਸਟੋਰੈਂਟ ’ਤੇ ਹਮਲੇ ਦੀ ਕੋਸ਼ਿਸ਼ ਦਾ ਲਾਇਆ ਸੀ ਦੋਸ਼
ਹਰਮਨ ਕਪੂਰ ਨੇ 29 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ 28 ਅਕਤੂਬਰ ਨੂੰ ਕੁਝ ਲੋਕਾਂ ਨੇ ਉਨ੍ਹਾਂ ਦੇ ਰੈਸਟੋਰੈਂਟ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਮੁਤਾਬਕ ਪਰਿਵਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਹਮਲਾਵਰ ਰੈਸਟੋਰੈਂਟ ਦੇ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਦੀ ਧੀ ਨੇ ਸਮੇਂ ਸਿਰ ਸ਼ਟਰ ਬੰਦ ਕਰ ਦਿੱਤੇ। ਹਰਮਨ ਦੇ ਕਹਿਣ ਅਨੁਸਾਰ, ਪੁਲਿਸ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹਮਲਾਵਰ ਉੱਥੋਂ ਚਲੇ ਗਏ ਸਨ।
ਮਾਰਚ 2026 ਵਿੱਚ ਵੀ ਹੋਈ ਸੀ ਗ੍ਰਿਫ਼ਤਾਰੀ
ਹਰਮਨ ਕਪੂਰ ਨੂੰ ਇਸ ਤੋਂ ਪਹਿਲਾਂ 14 ਮਾਰਚ 2026 ਨੂੰ ਵੀ ਮੈਟਰੋਪੋਲੀਟਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਪੁਲਿਸ ਨੇ ਦੱਸਿਆ ਸੀ ਕਿ ਫੁਲਹੈਮ ਪੈਲੇਸ ਰੋਡ ਸਥਿਤ ਰੈਸਟੋਰੈਂਟ ਵਿੱਚ ਦੁਪਹਿਰ ਕਰੀਬ 1:30 ਵਜੇ 54 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਸਬੰਧਤ ਟਿੱਪਣੀਆਂ ਦੇ ਆਧਾਰ ’ਤੇ ‘ਮੈਲਿਸ਼ੀਅਸ ਕਮਿਊਨੀਕੇਸ਼ਨ’ ਦੇ ਸ਼ੱਕ ਵਿੱਚ ਇਹ ਕਾਰਵਾਈ ਕੀਤੀ ਗਈ ਸੀ। ਉਸ ਸਮੇਂ ਹਰਮਨ ਨੂੰ ਅਗਲੀ ਜਾਂਚ ਤੱਕ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਇਸ ਗ੍ਰਿਫ਼ਤਾਰੀ ਨੂੰ ਨਾਨ-ਹਲਾਲ ਭੋਜਨ ਪਰੋਸਣ ਦੇ ਫ਼ੈਸਲੇ ਨਾਲ ਸਬੰਧਤ ਨਹੀਂ ਦੱਸਿਆ ਸੀ।
ਖਾਲਿਸਤਾਨ ਬਾਰੇ ਟਿੱਪਣੀਆਂ ਤੋਂ ਬਾਅਦ ਵੀ ਵਿਵਾਦਾਂ ’ਚ ਰਹੇ
ਹਰਮਨ ਕਪੂਰ ਮਾਰਚ 2023 ਵਿੱਚ ਵੀ ਵਿਵਾਦਾਂ ਕਾਰਨ ਚਰਚਾ ਵਿੱਚ ਆਏ ਸਨ। ਉਸ ਸਮੇਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਖਾਲਿਸਤਾਨ ਅੰਦੋਲਨ ਦੀ ਆਲੋਚਨਾ ਕਰਦਿਆਂ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ 23 ਮਾਰਚ 2023 ਨੂੰ ਹੈਮਰਸਮਿਥ ਸਥਿਤ ਉਨ੍ਹਾਂ ਦੇ ਪੁਰਾਣੇ ਰੈਸਟੋਰੈਂਟ ‘ਰੰਗਰੇਜ਼’ ਦੇ ਬਾਹਰ ਕੁਝ ਲੋਕਾਂ ਵੱਲੋਂ ਹੰਗਾਮਾ ਕਰਨ ਅਤੇ ਦਰਵਾਜ਼ਿਆਂ ’ਤੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਸੀ। ਸਤੰਬਰ 2023 ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀਆਂ ਦੋ ਕਾਰਾਂ ’ਤੇ ਲਾਲ ਰੰਗ ਸੁੱਟਿਆ ਗਿਆ ਅਤੇ ਇੱਕ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਹਰਮਨ ਮੁਤਾਬਕ ਖਾਲਿਸਤਾਨ ਬਾਰੇ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ ਪਤਨੀ ਤੇ ਧੀ ਨਾਲ ਜਬਰ-ਜ਼ਨਾਹ ਕਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ।
16 ਸਾਲ ਪੁਰਾਣਾ ਰੈਸਟੋਰੈਂਟ ਬੰਦ ਕਰਨ ਦਾ ਕੀਤਾ ਸੀ ਐਲਾਨ
24 ਫਰਵਰੀ 2026 ਨੂੰ ਹਰਮਨ ਕਪੂਰ ਨੇ ਆਪਣਾ 16 ਸਾਲ ਪੁਰਾਣਾ ਰੈਸਟੋਰੈਂਟ ‘ਰੰਗਰੇਜ਼’ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਪਿੱਛੇ ਵਧਦੀ ਲਾਗਤ, ਆਨਲਾਈਨ ਤੰਗ-ਪ੍ਰੇਸ਼ਾਨੀ, ਲਗਾਤਾਰ ਮੁਸ਼ਕਲਾਂ ਅਤੇ ਮੈਟਰੋਪੋਲੀਟਨ ਪੁਲਿਸ ਤੋਂ ਲੋੜੀਂਦਾ ਸਹਿਯੋਗ ਨਾ ਮਿਲਣ ਨੂੰ ਕਾਰਨ ਦੱਸਿਆ ਸੀ। ਹਾਲਾਂਕਿ, ਬਾਅਦ ਵਿੱਚ ਸਮਰਥਕਾਂ ਦੀ ਮਦਦ ਨਾਲ ਉਨ੍ਹਾਂ ਨੇ ਕਾਰੋਬਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਮਾਰਚ 2026 ਵਿੱਚ ਉਨ੍ਹਾਂ ਨੇ ਮੁੜ ਨਾਨ-ਹਲਾਲ ਭੋਜਨ ਪਰੋਸਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਫਿਰ ਚਰਚਾ ਵਿੱਚ ਆ ਗਿਆ।





