JK Breaking: ਕੁਲਗਾਮ ਮੁਕਾਬਲੇ ’ਚ ਲਸ਼ਕਰ ਕਮਾਂਡਰ ਢੇਰ, ਮਸਜਿਦ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੁਰੱਖਿਆ ਬਲਾਂ ਨੇ ਮੁਕੰਮਲ ਕੀਤਾ ਆਪ੍ਰੇਸ਼ਨ
ਕੁਲਗਾਮ (ਜੰਮੂ-ਕਸ਼ਮੀਰ), 18 ਨਵੰਬਰ 2026: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਸਫਲਤਾ ਮਿਲੀ ਹੈ। ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਮੁਹੰਮਦ ਲਤੀਫ ਭੱਟ ਵਜੋਂ ਹੋਈ ਹੈ। ਉਹ ਕੁਲਗਾਮ ਦੇ ਖਰੇਵਾਨ ਇਲਾਕੇ ਦਾ ਰਹਿਣ ਵਾਲਾ ਸੀ।
ਪੁਲਿਸ ਅਨੁਸਾਰ, ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੇ ਸਾਂਝਾ ਆਪ੍ਰੇਸ਼ਨ ਚਲਾਇਆ ਸੀ। ਘੇਰਾਬੰਦੀ ਦੌਰਾਨ ਅੱਤਵਾਦੀ ਇੱਕ ਮਸਜਿਦ ਅੰਦਰ ਲੁਕਿਆ ਹੋਇਆ ਸੀ। ਸੁਰੱਖਿਆ ਬਲਾਂ ਵੱਲੋਂ ਉਸ ਨੂੰ ਕਈ ਵਾਰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ, ਪਰ ਉਸ ਨੇ ਇਨਕਾਰ ਕਰਦਿਆਂ ਦੁਪਹਿਰ ਕਰੀਬ 2:45 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਕੁਲਗਾਮ ਦੇ ਐੱਸਐੱਸਪੀ ਅਨਾਇਤ ਅਲੀ ਚੌਧਰੀ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਮਸਜਿਦ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮੁਕਾਬਲੇ ਤੋਂ ਬਾਅਦ ਅੱਤਵਾਦੀ ਦੀ ਲਾਸ਼ ਅਤੇ ਹਥਿਆਰ ਬਰਾਮਦ ਕੀਤੇ ਗਏ। ਪੁਲਿਸ ਨੇ ਉਸ ਦੀ ਪਛਾਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਇਸ ਕਾਰਵਾਈ ਨੂੰ ਸੁਰੱਖਿਆ ਬਲਾਂ ਦੀ ਸਾਂਝੀ ਮੁਹਿੰਮ ਦਾ ਨਤੀਜਾ ਦੱਸਿਆ ਜਾ ਰਿਹਾ ਹੈ।





