ਨਿਤਿਨ ਨਬੀਨ ਦਾ ਪੰਜਾਬ ਦੌਰਾ: ਆਦਮਪੁਰ ਹਵਾਈ ਅੱਡੇ ’ਤੇ ਭਾਜਪਾ ਆਗੂਆਂ ਨੇ ਕੀਤਾ ਸਵਾਗਤ
ਅੱਜ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਉਣਗੇ ਹਰੀ ਝੰਡੀ
ਜਲੰਧਰ, 18 ਨਵੰਬਰ 2026: ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਆਪਣੇ ਪੰਜਾਬ ਦੌਰੇ ਤਹਿਤ ਆਦਮਪੁਰ ਹਵਾਈ ਅੱਡੇ ’ਤੇ ਪਹੁੰਚੇ, ਜਿੱਥੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਜਗਦੀਪ ਸਿੰਘ ਚੀਮਾ ਸਮੇਤ ਕਈ ਆਗੂ ਮੌਜੂਦ ਰਹੇ।
ਹਵਾਈ ਅੱਡੇ ਤੋਂ ਨਬੀਨ ਜਲੰਧਰ ਵਿਖੇ ਹੋਣ ਵਾਲੇ ਸਮਾਗਮ ਲਈ ਰਵਾਨਾ ਹੋਏ। ਪ੍ਰੋਗਰਾਮ ਅਨੁਸਾਰ ਉਹ ਪਹਿਲਾਂ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ ਅਤੇ ਬਾਅਦ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਜਾਣਕਾਰੀ ਅਨੁਸਾਰ ਇਹ ਯਾਤਰਾ ਕੁੱਲ 2,558 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਪੰਜਾਬ ਵਿੱਚ ਪੰਜ ਦਿਨਾਂ ਦੌਰਾਨ ਇਹ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਲੰਘਦਿਆਂ ਕਰੀਬ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦਾ ਅੰਤਿਮ ਪੜਾਅ ਦਸੰਬਰ ਵਿੱਚ ਵਾਰਾਨਸੀ ਵਿਖੇ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ।
ਭਾਜਪਾ ਅਨੁਸਾਰ ਯਾਤਰਾ ਦਾ ਉਦੇਸ਼ ਸਮਾਜਿਕ ਸਦਭਾਵਨਾ ਅਤੇ ਸਮਰਸਤਾ ਦਾ ਸੰਦੇਸ਼ ਫੈਲਾਉਣਾ ਹੈ। ਉਧਰ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਬੀਨ ਦੇ ਇਸ ਦੌਰੇ ਨੂੰ ਸਿਆਸੀ ਪੱਖੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।





