ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਆਵੇਗਾ ਪਾਕਿਸਤਾਨੀ ਮੰਤਰੀ, ਦਿੱਲੀ ’ਚ SCO ਫੋਰਮ ’ਚ ਲਵੇਗਾ ਹਿੱਸਾ
ਨਵੀਂ ਦਿੱਲੀ, 20 ਨਵੰਬਰ 2026: ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮਾਹੌਲ ਦਰਮਿਆਨ ਅੱਜ ਪਹਿਲੀ ਵਾਰ ਪਾਕਿਸਤਾਨ ਦਾ ਕੋਈ ਮੰਤਰੀ ਭਾਰਤ ਪਹੁੰਚ ਰਿਹਾ ਹੈ। ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਮੰਤਰੀ ਮੁਸਾਦਿਕ ਮਸੂਦ ਮਲਿਕ ਨਵੀਂ ਦਿੱਲੀ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਸੱਭਿਅਤਾ ਸੰਵਾਦ ਫੋਰਮ ਵਿੱਚ ਸ਼ਮੂਲੀਅਤ ਕਰਨਗੇ। ਉਹ ਆਪਣੇ ਦੇਸ਼ ਦੇ ਵਫ਼ਦ ਦੀ ਅਗਵਾਈ ਵੀ ਕਰਨਗੇ।
ਇਹ ਤਿੰਨ ਰੋਜ਼ਾ ਅੰਤਰਰਾਸ਼ਟਰੀ ਸਮਾਗਮ 20 ਤੋਂ 22 ਨਵੰਬਰ ਤੱਕ ਦਿੱਲੀ ਦੇ ਇਤਿਹਾਸਕ ਪੁਰਾਣਾ ਕਿਲ੍ਹਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5:30 ਵਜੇ ਫੋਰਮ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਇਸ ਮਹੱਤਵਪੂਰਨ ਸਮਾਗਮ ਦਾ ਆਯੋਜਨ ਕੇਂਦਰੀ ਸੱਭਿਆਚਾਰ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਭਾਰਤ ਨੇ ਫੋਰਮ ਵਿੱਚ ਸ਼ਮੂਲੀਅਤ ਲਈ 25 ਦੇਸ਼ਾਂ ਨੂੰ ਸੱਦਾ ਦਿੱਤਾ ਸੀ, ਜਿਨ੍ਹਾਂ ਵਿੱਚੋਂ 15 ਦੇਸ਼ਾਂ ਨੇ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ ਹੈ।
ਫੋਰਮ ਦਾ ਮੁੱਖ ਮਕਸਦ ਵੱਖ-ਵੱਖ ਦੇਸ਼ਾਂ ਦੀ ਸਾਂਝੀ ਸੱਭਿਅਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਆਪਸੀ ਸੰਵਾਦ ਤੇ ਸਹਿਯੋਗ ਦੇ ਨਵੇਂ ਰਾਹ ਖੋਲ੍ਹਣਾ ਹੈ।





