* ਅਰੋੜਬੰਸ ਸਭਾ ਦੇ ਸੇਵਾ ਕਾਰਜਾਂ ਦੀ ਕੀਤੀ ਭਰਪੂਰ ਪ੍ਰਸੰਸਾ*
ਕੋਟਕਪੂਰਾ, 22 ਜੂਨ, ਦੇਸ਼ ਕਲਿੱਕ ਬਿਓਰੋ
ਅਰੋੜਬੰਸ ਸਭਾ ਕੋਟਕਪੂਰਾ ਵੱਲੋਂ ਬਰਾਦਰੀ ਦੇ 8ਵੀਂ, 10ਵੀਂ ਅਤੇ 12ਵੀਂ ਵਿੱਚ 90 ਫੀਸਦੀ ਤੋਂ ਜਿਆਦਾ ਅੰਕ ਲੈਣ ਵਾਲੇ ਵਿਦਿਆਰਥੀ-ਵਿਦਿਆਰਥਣਾ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ । ਉਨ੍ਹਾਂ ਵੱਲੋਂ 20 ਹੁਸ਼ਿਆਰ ਅਤੇ ਹੋਣਹਾਰ (bright and talented) ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਅਰੋੜਬੰਸ ਸਭਾ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਦਿਲੀ ਖੁਸ਼ੀ ਹੋਈ ਹੈ, ਕਿਉਂਕਿ ਵਰਤਮਾਨ ਸਮੇਂ ਵਿੱਚ ਹੁਸ਼ਿਆਰ ਅਤੇ ਹੋਣਹਾਰ (bright and talented) ਬੱਚਿਆਂ ਦਾ ਸਨਮਾਨ ਕਰਕੇ ਇਹ ਸੰਸਥਾ ਜਿਥੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੀ ਹੈ। ਉਥੇ ਇਸ ਤੋਂ ਹੋਰਨਾ ਨੂੰ ਪ੍ਰੇਰਨਾ ਮਿਲਣੀ ਵੀ ਸੁਭਾਵਿਕ ਹੈ।
ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ, ਜਦਕਿ ਜਨਰਲ ਸਕੱਤਰ ਮਾ. ਕਰਨੈਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਧਰਮਵੀਰ ਸਿੰਘ ਰਾਜੂ ਮੱਕੜ ਨੇ ਦੱਸਿਆ ਕਿ ਉਕਤ ਸਮਾਗਮ ਦੌਰਾਨ ਪ੍ਰਸਿੱਧ ਸਮਾਜ ਸੇਵਕ ਅਤੇ ਸਮਾਜ ਸੁਧਾਰਕ ਡਾ.ਕੁਲਵੰਤ ਕੌਰ ਅਤੇ ਅਧਿਆਪਕਾ ਪਵਨਪ੍ਰੀਤ ਕੌਰ ਨੇ ਜਿਥੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਮਾੜੀ ਸੁਸਾਇਟੀ ਤੋਂ ਬਚਕੇ ਚੰਗੇ ਇਨਸਾਨ ਬਣਨ ਲਈ ਨੈਤਿਕਤਾ ਦਾ ਪਾਠ ਪੜਾਇਆ, ਉਥੇ ਜਿੰਦਗੀ ਦੀ ਤਰੱਕੀ ਲਈ ਅੰਕੜਿਆਂ ਸਹਿਤ ਦਲੀਲਾਂ ਨਾਲ ਕਈ ਅਹਿਮ ਨੁਕਤੇ ਵੀ ਸਮਝਾਏ। ਉਨ੍ਹਾਂ ਬੱਚਿਆਂ ਸਮੇਤ ਹਾਜਰੀਨ ਨੂੰ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸ਼ੁਰੂਆਤ ਖੁਦ ਤੋਂ ਕਰਨ ਦੀ ਸਲਾਹ ਅਤੇ ਨਸੀਅਤ ਦਿੱਤੀ।
ਸਟੇਜ ਸੰਚਾਲਨ ਕਰਦਿਆਂ ਪੋ੍ਰਜੈਕਟ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅਰੋੜਬੰਸ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਸੰਖੇਪ ਵਿੱਚ ਜਿਕਰ ਕੀਤਾ। ਇਸ ਮੌਕੇ ਡਾ.ਕੁਲਵੰਤ ਕੌਰ ਅਤੇ ਮਾ.ਹਰਨਾਮ ਸਿੰਘ ਹਰਲਾਜ ਵੱਲੋਂ ਬੱਚਿਆਂ ਨੂੰ ਚੰਗੇ ਇਨਸਾਨ ਬਨਣ ਲਈ ਅਹਿਮ ਨੁਕਤਿਆਂ ਵਾਲੀਆਂ ਕਿਤਾਬਾਂ ਵੀ ਵੰਡੀਆਂ ਗਈਆਂ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਜਸ਼ਨਪ੍ਰੀਤ ਸਿੰਘ ਮਰਵਾਹਾ ਨੇ ਐਲਾਣ ਕੀਤਾ ਕਿ ਉਹ ਅਰੋੜਾ/ਖੱਤਰੀ ਪਰਿਵਾਰਾਂ ਦੇ ਕੇਸ ਮਾਮੂਲੀ ਖਰਚੇ ’ਤੇ ਲੜੇਗਾ।
ਸਭਾ ਵੱਲੋਂ ਅੰਤ ਵਿੱਚ ਸਪੀਕਰ ਸ. ਸੰਧਵਾਂ ਅਤੇ ਡਾ.ਮਨਜੀਤ ਸਿੰਘ ਢਿੱਲੋਂ ਸਮੇਤ ਬੁਲਾਰਿਆਂ, ਬੱਚਿਆਂ ਅਤੇ ਮਹਿਮਾਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਸਮਾਗਮ ਦੌਰਾਨ ਅਰੋੜਬੰਸ ਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਆਪੋ-ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ।