ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ ਨੇ ਕੀਤੀ ਸ਼ਮੂਲੀਅਤ
ਲੁਧਿਆਣਾ, 24 ਜੂਨ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦੇ ਦੂਜੇ ਦਿਨ ਬਾਅਦ ਆਮ ਆਦਮੀ ਪਾਰਟੀ ਵੱਲੋਂ ਅੱਜ ਲੁਧਿਆਣਾ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ ਨੇ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ। ਇਹ ਰੋਡ ਸ਼ੋਅ ਘੁਮਾਰ ਮੰਡੀ ਤੋਂ ਸ਼ੁਰੂ ਹੋ ਕੇ ਆਰਤੀ ਚੌੱਕ ਤੱਕ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ ਆਪ ਵਰਕਰ ਹਾਜ਼ਰ ਸਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਉਤੇ ਵੀ ਵੱਡਾ ਹਮਲਾ ਬੋਲਿਆ। ਮੁੱਖ ਮੰਤਰੀ ਨੇ ਕਿਹਾ ਕਿ 1920 ਵਿੱਚ ਬਣੇ ਅਕਾਲੀ ਦਲ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਤਾਂ ਇਹ ਹੀ ਕਹਿਣ ਲੱਗ ਪਏ ਕਿ ਹੁਣ ਇਨ੍ਹਾਂ ਨੂੰ ਚੋਣਾਂ ਵਿਚ ਹੀ ਹਿੱਸਾ ਨਹੀਂ ਲੈਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿੱਤ ਸਾਡੀ ਨਹੀਂ ਤੁਹਾਡੀ ਹੈ। ਤੁਸੀਂ ਮਿਹਨਤ ਕੀਤੀ ਹੈ ਇਸ ਦਾ ਹੀ ਨਤੀਜਾ ਹੈ, ਇਹ ਜਿੱਤ ਹੋਈ ਹੈ।
ਮਨੀਸ਼ ਸਿਸੋਦੀਆ ਨੇ ਬੋਲਦੇ ਹੋਏ ਕਿਹਾ ਕਿ ਇਹ ਸੇਮੀ ਫਾਈਨਲ ਜਿੱਤ ਲਿਆ, ਹੁਣ 2027 ਵਿਚ ਫਾਈਨਲ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਦਿਨ ਰਾਤ ਸਖਤ ਮਿਹਨਤ ਕਰੋ ਆਉਣ ਵਾਲੇ ਸਮੇਂ ਵਿੱਚ ਤੂਫਾਨ ਦੀ ਰਫਤਾਰ ਨਾਲ ਜਿੱਤਣਾ ਹੈ।