Breaking: ਪੰਜਾਬ ਦੀਆਂ 4 ਨਗਰ ਕੌਂਸਲਾਂ ‘ਚ ਅੱਜ EVM ਰਾਹੀਂ ਹੋ ਰਹੀਆਂ ਨੇ ਚੋਣਾਂ

Top Trending News ਪੰਜਾਬ

 

ਪੰਜਾਬ ਦੀਆਂ 4 ਨਗਰ ਕੌਂਸਲਾਂ ‘ਚ ਅੱਜ EVM ਰਾਹੀਂ ਹੋ ਰਹੀਆਂ ਨੇ ਚੋਣਾਂ

ਚੋਣ ਕਮਿਸ਼ਨ ਦੇ ਭਰੋਸੇ ਤੋਂ ਬਾਅਦ ਹਾਈਕੋਰਟ ਨੇ ਨਿਪਟਾਈ ਪਟੀਸ਼ਨ; ਸ਼ਾਮ ਚੌਰਾਸੀ, ਕਾਦੀਆਂ, ਗੁਰਦਾਸਪੁਰ ਤੇ ਦੀਨਾਨਗਰ ‘ਚ EVM ਰਾਹੀਂ ਵੋਟਿੰਗ

ਚੰਡੀਗੜ੍ਹ:

ਪੰਜਾਬ ਦੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਇੱਕ ਬਹੁਤ ਹੀ ਅਹਿਮ ਫੈਸਲਾ ਸੁਣਾਇਆ ਗਿਆ ਹੈ। ਹਾਈਕੋਰਟ ਨੇ ਅੱਜ 13 ਜੂਨ ਨੂੰ ਹੋ ਰਹੀਆਂ ਸ਼ਾਮ ਚੌਰਾਸੀ, ਕਾਦੀਆਂ, ਗੁਰਦਾਸਪੁਰ ਅਤੇ ਦੀਨਾਨਗਰ ਦੀਆਂ ਚੋਣਾਂ (Municipal Councils Elections) ਨੂੰ ਪੂਰੀ ਤਰ੍ਹਾਂ ਈਵੀਐਮ (EVM) ਮਸ਼ੀਨਾਂ ਰਾਹੀਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਇਨ੍ਹਾਂ ਚੋਣਾਂ ਵਿੱਚ ਬੈਲਟ ਪੇਪਰ ਦੀ ਬਜਾਏ ਈਵੀਐਮ ਦੀ ਵਰਤੋਂ ਯਕੀਨੀ ਬਣਾਈ ਜਾਵੇ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਤੁਸ਼ਾਰ ਮਦਾਨ ਨੇ ਦੱਸਿਆ ਕਿ ਸੁਣਵਾਈ ਦੌਰਾਨ ਭਾਰਤ ਦੇ ਚੋਣ ਕਮਿਸ਼ਨ (ECI) ਨੇ ਅਦਾਲਤ ਨੂੰ ਸਪੱਸ਼ਟ ਕੀਤਾ ਕਿ ਈਵੀਐਮ ਮਸ਼ੀਨਾਂ 22 ਮਈ ਨੂੰ ਹੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਹਾਈਕੋਰਟ ਨੂੰ ਅਧਿਕਾਰਤ ਭਰੋਸਾ ਦਿੱਤਾ ਕਿ ਇਹ ਚੋਣਾਂ ਈਵੀਐਮ ਦੀ ਵਰਤੋਂ ਨਾਲ ਹੀ ਕਰਵਾਈਆਂ ਜਾਣਗੀਆਂ।

ਰਾਜ ਚੋਣ ਕਮਿਸ਼ਨ ਦੇ ਇਸ ਲਿਖਤੀ ਭਰੋਸੇ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ 29 ਮਈ 2026 ਨੂੰ ਹੋਈਆਂ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਵੀ ਮੋਹਾਲੀ ਦੀ ਐਡਵੋਕੇਟ ਰੂਚਿਕਾ ਗਰਗ ਵੱਲੋਂ ਈਵੀਐਮ ਰਾਹੀਂ ਵੋਟਿੰਗ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ।

ਪਰ ਉਸ ਵੇਲੇ ਹਾਈਕੋਰਟ ਨੇ ਇਹ ਕਹਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਸੀ ਕਿ ਚੋਣ ਸ਼ਡਿਊਲ ਜਾਰੀ ਹੋਣ ਕਾਰਨ ਹੁਣ ਬਹੁਤ ਦੇਰ ਹੋ ਚੁੱਕੀ ਹੈ ਅਤੇ ਇਸ ਪੜਾਅ ‘ਤੇ ਦਖ਼ਲ ਦੇਣਾ ਸਹੀ ਨਹੀਂ ਹੋਵੇਗਾ। ਹਾਲਾਂਕਿ, ਅੱਜ ਦੀਆਂ ਚੋਣਾਂ ਲਈ ਹਾਈਕੋਰਟ ਨੇ ਸਮੇਂ ਸਿਰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਈਵੀਐਮ ਰਾਹੀਂ ਚੋਣਾਂ ਕਰਵਾਉਣ ਦਾ ਰਾਹ ਸਾਫ਼ ਕਰ ਦਿੱਤਾ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।