Major disaster in Punjab! ਤਿੰਨ ਜ਼ਿਲ੍ਹਿਆਂ ‘ਚ ਨਹਿਰਾਂ ਟੁੱਟਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਚੰਡੀਗੜ੍ਹ, 13 ਜੂਨ 2026:
Major disaster in Punjab! ਪੰਜਾਬ ਵਿੱਚ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਕਿਸਾਨਾਂ ‘ਤੇ ਵੱਡੀ ਮੁਸੀਬਤ ਆ ਪਈ ਹੈ। ਸੂਬੇ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਨਹਿਰਾਂ ਟੁੱਟਣ ਦੀਆਂ ਬੇਹੱਦ ਚਿੰਤਾਜਨਕ ਖ਼ਬਰਾਂ ਸਾਹਮਣੇ ਆਈਆਂ ਹਨ। ਨਹਿਰੀ ਪਾਣੀ ਖੇਤਾਂ ਵਿੱਚ ਵੜਨ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਜਿਸ ਕਾਰਨ ਮਿਹਨਤ ਨਾਲ ਪਾਲੀਆਂ ਫ਼ਸਲਾਂ ਦੇ ਬਰਬਾਦ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਅਚਨਚੇਤ ਹੋਏ ਨੁਕਸਾਨ ਕਾਰਨ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਜ਼ਿਲ੍ਹਾ ਮਾਨਸਾ ਦੇ ਭੀਖੀ ਇਲਾਕੇ ਦਾ ਹੈ, ਜਿੱਥੇ ਨਹਿਰ ਟੁੱਟਣ ਕਾਰਨ ਇੱਕ ਵੱਡਾ ਪਾੜ ਪੈ ਗਿਆ। ਨਹਿਰ ਦਾ ਤੇਜ਼ ਬਹਾਅ ਖੇਤਾਂ ਵੱਲ ਮੁੜਨ ਕਾਰਨ ਕਰੀਬ 50 ਏਕੜ ਫ਼ਸਲ ਪੂਰੀ ਤਰ੍ਹਾਂ ਪਾਣੀ ਨਾਲ ਨੱਕੋ-ਨੱਕ ਭਰ ਗਈ। ਦੂਜਾ ਹਾਦਸਾ ਬਠਿੰਡਾ ਦੇ ਲਹਿਰਾ ਮੁਹੱਬਤ ਵਿਖੇ ਵਾਪਰਿਆ, ਜਿੱਥੇ ਨਹਿਰ ਦੇ ਟੁੱਟਣ ਕਾਰਨ ਕਰੀਬ 50 ਫੁੱਟ ਚੌੜਾ ਪਾੜ ਪੈ ਗਿਆ ਅਤੇ ਦੇਖਦੇ ਹੀ ਦੇਖਦੇ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਫੈਲ ਗਿਆ। ਇਸੇ ਤਰ੍ਹਾਂ ਤੀਜੀ ਘਟਨਾ ਫ਼ਰੀਦਕੋਟ ਦੇ ਪਿੰਡ ਰਾਮੇਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਨਹਿਰ ਪਾੜ ਹੋਣ ਕਾਰਨ ਪਾਣੀ ਖੇਤਾਂ ਵਿੱਚ ਭਰ ਗਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਗਈਆਂ।
ਇਸ ਦੁਖਦਾਈ ਘਟਨਾ ਤੋਂ ਬਾਅਦ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਭਾਵਿਤ ਕਿਸਾਨਾਂ ਨੇ ਨਹਿਰੀ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ‘ਤੇ ਵੱਡੀ ਲਾਪਰਵਾਹੀ ਦੇ ਦੋਸ਼ ਲਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਨਾ ਹੀ ਕਮਜ਼ੋਰ ਪਾਸਿਆਂ ਦੀ ਮੁਰੰਮਤ ਵੱਲ ਕੋਈ ਧਿਆਨ ਦਿੱਤਾ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਗ਼ਰੀਬ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੀ ਇਸ ਅਣਗਹਿਲੀ ਕਾਰਨ ਕਿਸਾਨਾਂ ਦਾ ਹਰ ਸਾਲ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਹੁੰਦਾ ਹੈ।
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਨਹਿਰਾਂ ਅਤੇ ਸੂਇਆਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਨਹਿਰ ਟੁੱਟਣ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਮੰਦਹਾਲੀ ਤੋਂ ਬਚਾਇਆ ਜਾ ਸਕੇ।



