ਵੱਡੀ ਖ਼ਬਰ: ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ; ਪ੍ਰਸਾਸ਼ਨ ਵੱਲੋਂ ਅਲਰਟ ਜਾਰੀ

Top Trending News ਪੰਜਾਬ

 

Water level in Beas River rises! ਵੱਡੀ ਖ਼ਬਰ: ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ; ਪ੍ਰਸਾਸ਼ਨ ਵੱਲੋਂ ਅਲਰਟ ਜਾਰੀ

ਬਾਬਾ ਬਕਾਲਾ ਸਾਹਿਬ, 14 ਜੂਨ 2026 –

Water level in Beas River rises! ਪੈ ਰਹੀ ਭਿਆਨਕ ਗਰਮੀ ਕਾਰਨ ਪਹਾੜਾਂ ਵਿੱਚ ਜੰਮੀ ਬਰਫ਼ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਨਦੀਆਂ ਦੇ ਜਲਸਥਰ (ਪਾਣੀ ਦੇ ਪੱਧਰ) ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਬਿਆਸ ਦਰਿਆ ਦੇ ਪਾਣੀ ਵਿੱਚ ਵੀ ਭਾਰੀ ਵਾਧਾ ਹੋਣ ਦੀ ਖ਼ਬਰ ਮਿਲੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਮਹਿਜ਼ 4 ਦਿਨਾਂ ਦੇ ਅੰਦਰ ਹੀ ਬਿਆਸ ਨਦੀ ਵਿੱਚ ਕਰੀਬ 10 ਹਜ਼ਾਰ ਕਿਊਸਿਕ ਪਾਣੀ ਵਧਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਜੇ ਦਰਿਆ ਵਿੱਚ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ, ਪਰ ਇਸ ਦੇ ਬਾਵਜੂਦ ਬਿਆਸ ਦਰਿਆ ਦੇ ਕਿਨਾਰੇ ਵਸੇ ਕਿਸਾਨਾਂ ਅਤੇ ਗੁੱਜਰ ਬਿਰਾਦਰੀ ਦੇ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਪਹਾੜਾਂ ਤੋਂ ਲਗਾਤਾਰ ਆ ਰਹੇ ਪਾਣੀ ਕਾਰਨ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ 20 ਫੁੱਟ ਤੋਂ ਵੀ ਵੱਧ ਦੀ ਉਚਾਈ ‘ਤੇ ਜਾ ਚੁੱਕਾ ਹੈ। ਡੈਮ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਦੀਆਂ ਵਿੱਚ ਕਿਸੇ ਵੀ ਸਮੇਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਇਸ ਨਾਜ਼ੁਕ ਸਥਿਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਵਿਖੇ ਇੱਕ ‘ਫਲੱਡ ਕੰਟਰੋਲ ਰੂਮ’ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਕੰਟਰੋਲ ਰੂਮ ਚੌਵੀ ਘੰਟੇ (24×7) ਨਦੀ ਦੇ ਜਲਸਥਰ ਅਤੇ ਆਲੇ-ਦੁਆਲੇ ਦੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਆਫ਼ਤ ਵਾਲੀ ਸਥਿਤੀ ਦਾ ਤੁਰੰਤ ਸਾਹਮਣਾ ਕੀਤਾ ਜਾ ਸਕੇ। ਪ੍ਰਸ਼ਾਸਨ ਨੇ ਨਦੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।