DRI’s major operation in Punjab! ਪੰਜਾਬ ‘ਚ DRI ਦੀ ਵੱਡੀ ਕਾਰਵਾਈ; 19 ਕਰੋੜ ਦੀ ਕਰੋੜ ਦੀ ਹੈਰੋਇਨ ਤਸਕਰ ਗ੍ਰਿਫ਼ਤਾਰ
DRI’s major operation in Punjab! ਲੁਧਿਆਣਾ, 14 ਜੂਨ 2026 – ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਲਗਭਗ 19.90 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਵਾਲੀ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ DRI ਦੀ ਟੀਮ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, DRI ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਾਹਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਅਧਿਕਾਰੀਆਂ ਨੇ ਲੁਧਿਆਣਾ ਦੇ ਬਾਹਰੀ ਹਿੱਸੇ (ਆਊਟਰ ਏਰੀਆ) ਵਿੱਚ ਨਾਕਾਬੰਦੀ ਕਰਕੇ ਨਿਗਰਾਨੀ ਸ਼ੁਰੂ ਕਰ ਦਿੱਤੀ।
ਸਵੇਰੇ ਕਰੀਬ 11 ਵਜੇ ਜਦੋਂ ਸ਼ੱਕੀ ਵਾਹਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਕਾਰ ਚਾਲਕ ਨੇ ਰੁਕਣ ਦੀ ਬਜਾਏ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ DRI ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਪਿੱਛਾ ਕਰਕੇ ਵਾਹਨ ਨੂੰ ਘੇਰ ਲਿਆ ਅਤੇ ਕਾਬੂ ਕਰ ਲਿਆ।
ਜਦੋਂ ਕਾਬੂ ਕੀਤੇ ਗਏ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਕਾਰ ਦੀ ਡਿੱਗੀ ਵਿੱਚ ਰੱਖੇ ਇੱਕ ਬੈਗ ਵਿੱਚੋਂ 18 ਪੈਕੇਟ ਬਰਾਮਦ ਹੋਏ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਪੈਕੇਟਾਂ ਵਿੱਚ ਹੈਰੋਇਨ ਹੈ, ਜਿਸ ਦਾ ਕੁੱਲ ਵਜ਼ਨ 9.948 ਕਿੱਲੋ ਨਿਕਲਿਆ। ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ ਕਰੀਬ 19.90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਹਨ ਵਿੱਚੋਂ 1.64 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।
DRI ਵੱਲੋਂ ਹੈਰੋਇਨ ਦੀ ਤਸਕਰੀ ਵਿੱਚ ਵਰਤੀ ਗਈ ਕਾਰ, ਬੈਗ ਅਤੇ ਨਕਦੀ ਨੂੰ ਐੱਨ.ਡੀ.ਪੀ.ਐੱਸ. (NDPS) ਐਕਟ, 1985 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਵਾਹਨ ਵਿੱਚ ਸਵਾਰ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਸ਼ੇ ਦੇ ਇਸ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਅਗਲੇਰੀ ਪੁੱਛਗਿੱਛ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



