NEET Retest 2026: ਕੇਂਦਰ ਸਰਕਾਰ ਨੇ Telegram ‘ਤੇ ਲਗਾਈ ਪਾਬੰਦੀ!
‘ਚੀਟਿੰਗ ਰੈਕੇਟ’ ਵੱਲੋਂ ਐਪ ਦੀ ਦੁਰਵਰਤੋਂ ਰੋਕਣ ਲਈ ਮੋਦੀ ਸਰਕਾਰ ਨੇ ਚੁੱਕਿਆ ਸਖ਼ਤ ਕਦਮ; ਪ੍ਰੀਖਿਆ ਖ਼ਤਮ ਹੋਣ ਤੱਕ ਰਹੇਗੀ ਪਾਬੰਦੀ
ਨਵੀਂ ਦਿੱਲੀ, 16 ਜੂਨ 2026 –
ਨੀਟ (NEET UG) ਰੀ-ਟੈਸਟ 2026 ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੋਦੀ ਸਰਕਾਰ ਨੇ ਮਸ਼ਹੂਰ ਮੈਸੇਜਿੰਗ ਐਪ ਟੈਲੀਗ੍ਰਾਮ (Telegram) ‘ਤੇ ਅਸਥਾਈ ਯਾਨੀ ਆਰਜ਼ੀ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।
ਰਿਪੋਰਟਾਂ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਨੀਟ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਵਾਲੇ ਗੈਂਗ (Cheating Rackets) ਵੱਲੋਂ ਇਸ ਪਲੇਟਫਾਰਮ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੇ ਨੀਟ ਰੀ-ਟੈਸਟ ਖ਼ਤਮ ਹੋਣ ਤੱਕ ਟੈਲੀਗ੍ਰਾਮ ‘ਤੇ ਬੈਨ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਮੰਗਲਵਾਰ ਸਵੇਰੇ 10:46 ਵਜੇ ਤੱਕ ਟੈਲੀਗ੍ਰਾਮ ਐਪ ਅਜੇ ਵੀ ਕੰਮ ਕਰ ਰਹੀ ਸੀ।
ਦੂਜੇ ਪਾਸੇ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਸੋਮਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ NEET (UG) ਦੀ ਦੁਬਾਰਾ ਹੋਣ ਜਾ ਰਹੀ ਪ੍ਰੀਖਿਆ ਲਈ ਸੂਬਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ 3 ਮਈ ਨੂੰ ਦੇਸ਼ ਭਰ ਵਿੱਚ ਹੋਈ ਮੈਡੀਕਲ ਪ੍ਰਵੇਸ਼ ਪ੍ਰੀਖਿਆ (NEET) ਨੂੰ ਕਥਿਤ ਗੜਬੜੀਆਂ ਅਤੇ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲੱਖਾਂ ਉਮੀਦਵਾਰਾਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਸੀ। ਹੁਣ ਇਹ ਪ੍ਰੀਖਿਆ ਦੁਬਾਰਾ 21 ਜੂਨ ਨੂੰ ਕਰਵਾਈ ਜਾ ਰਹੀ ਹੈ।
ਸਰਕਾਰੀ ਬਿਆਨ ਮੁਤਾਬਕ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਤਿਆਰੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਦਾ ਮੁੱਖ ਜ਼ੋਰ “ਵਿਦਿਆਰਥੀਆਂ ਦੀ ਸਹੂਲਤ, ਸੁਰੱਖਿਆ ਪ੍ਰਬੰਧਾਂ ਅਤੇ ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ (Integrity)” ‘ਤੇ ਰਿਹਾ। ਗ੍ਰਹਿ ਸਕੱਤਰ ਨੇ ਸਖ਼ਤ ਨਿਰਦੇਸ਼ ਦਿੱਤੇ ਕਿ ਸੁਰੱਖਿਆ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਪ੍ਰੀਖਿਆ ਬਿਨਾਂ ਕਿਸੇ ਨੁਕਸ ਜਾਂ ਗੜਬੜੀ ਦੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਈ ਜਾਵੇ।
ਇਸ ਅਹਿਮ ਸਮੀਖਿਆ ਮੀਟਿੰਗ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ, ਉੱਚ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਡਾਕ ਵਿਭਾਗ ਦੇ ਸਕੱਤਰ ਸ਼ਾਮਲ ਹੋਏ। ਇਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੇ ਮੁਖੀ ਜਿਵੇਂ ਕਿ CRPF, CISF, BCAS ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਡਾਇਰੈਕਟਰ ਜਨਰਲ ਸਮੇਤ ਰੱਖਿਆ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।



