Adarsh School employees! ਆਦਰਸ਼ ਸਕੂਲ ਦੇ ਮੁਲਾਜ਼ਮ CM ਮਾਨ ਦੇ ਪਿੰਡ ਸਤੌਜ ‘ਚ ਅੱਜ ਕਰਨਗੇ ਪਿੱਟ-ਸਿਆਪਾ
ਚਾਰ ਸਾਲਾਂ ਤੋਂ ਸਰਕਾਰ ਖੇਡ ਰਹੀ ਹੈ ‘ਲੁੱਕਾ-ਛਿਪੀ ਦਾ ਖੇਡ’, ਸਬ-ਕਮੇਟੀ ਦੀਆਂ ਦਰਜਨਾਂ ਮੀਟਿੰਗਾਂ ਵੀ ਰਹੀਆਂ ਬੇਸਿੱਟਾ: ਜਸਵੀਰ ਗਲੋਟੀ
10 ਜੂਨ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਮੀਟਿੰਗ ਤੋਂ ਬਾਅਦ ਵੀ ਹੱਥ ਰਹੀ ਖ਼ਾਲੀ; ਮੁਲਾਜ਼ਮਾਂ ‘ਚ ਭਾਰੀ ਰੋਸ
ਚੋਣਾਂ ਤੱਕ ਮੰਤਰੀਆਂ ਦੇ ਸ਼ਹਿਰਾਂ ‘ਚ ਲੱਗਣਗੇ ਪੱਕੇ ਮੋਰਚੇ; ਗਲੀ-ਗਲੀ ਜਾ ਕੇ ਲੋਕਾਂ ਸਾਹਮਣੇ ਖੋਲ੍ਹੀ ਜਾਵੇਗੀ ਸਰਕਾਰ ਦੀ ਪੋਲ
ਸੰਗਰੂਰ/ਸਤੌਜ, 18 ਜੂਨ 2026
ਆਦਰਸ਼ ਸਕੂਲ ਟੀਚਿੰਗ ਅਤੇ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ (Adarsh School employees) ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਪੰਜਾਬ ਸਰਕਾਰ ‘ਤੇ ਤਿੱਖੇ ਸ਼ਾਬਦਿਕ ਹਮਲੇ ਕਰਦਿਆਂ ਐਲਾਨ ਕੀਤਾ ਹੈ ਕਿ ਲਗਾਤਾਰ ਮਿਲ ਰਹੇ ਲਾਰਿਆਂ ਤੋਂ ਪ੍ਰੇਸ਼ਾਨ ਹੋ ਕੇ ਹੁਣ ਸਮੂਹ ਮੁਲਾਜ਼ਮ ਅੱਜ 18 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪਹੁੰਚ ਕੇ ਸਰਕਾਰ ਦਾ ਜ਼ੋਰਦਾਰ ਪਿੱਟ-ਸਿਆਪਾ ਕਰਨਗੇ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਹੋਣ ਦੇ ਨਾਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਚਾਰ ਸਾਲਾਂ ਤੋਂ ਜਥੇਬੰਦੀ ਨਾਲ ‘ਲੁੱਕਾ-ਛਿਪੀ ਦਾ ਖੇਡ’ ਖੇਡ ਰਹੇ ਹਨ। ਸਰਕਾਰ ਨੇ ਸਿਰਫ਼ ਟਾਈਮ ਟਪਾਉਣ ਅਤੇ ਜਥੇਬੰਦੀਆਂ ਨੂੰ ਵਰਗਲਾਉਣ ਲਈ ਇੱਕ ਸਬ-ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੇ ਮੁੱਖ ਕਿਰਦਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਨ।
ਇਸ ਸਬ-ਕਮੇਟੀ ਨਾਲ ਯੂਨੀਅਨ ਦੀਆਂ ਦਰਜਨਾਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਪੰਜਾਬ ਦਾ ਕੋਈ ਅਜਿਹਾ ਮੰਤਰੀ ਨਹੀਂ ਬਚਿਆ, ਜਿਸ ਨੂੰ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਸੁਨੇਹਾ ਨਾ ਦਿੱਤਾ ਹੋਵੇ, ਪਰ ਹਰ ਵਾਰ 10 ਤੋਂ 15 ਦਿਨ ਦਾ ਸਮਾਂ ਦੇ ਕੇ ਲਾਰਿਆਂ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ।
ਆਗੂਆਂ ਨੇ ਅਫ਼ਸੋਸ ਜਤਾਇਆ ਕਿ ਬੀਤੇ ਦਿਨੀਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ, ਪਰ ਲੰਬੇ ਸਮੇਂ ਤੋਂ ਸੜਕਾਂ ‘ਤੇ ਰੁਲ ਰਹੇ ਅਧਿਆਪਕਾਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ, ਜੋ ਕਿ ਬੇਹੱਦ ਸ਼ਰਮਨਾਕ ਹੈ।
ਜਸਵੀਰ ਸਿੰਘ ਗਲੋਟੀ ਨੇ ਦੱਸਿਆ ਕਿ ਲੰਘੀ 10 ਜੂਨ ਨੂੰ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੀ ਅਹਿਮ ਮੀਟਿੰਗ ਹੋਈ ਸੀ, ਪਰ ਹਾਲੇ ਤੱਕ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਕੋਈ ਠੋਸ ਸਬੂਤ ਨਹੀਂ ਦਿੱਤਾ ਗਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਹੈ। ਇਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ।
ਯੂਨੀਅਨ ਨੇ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਹੁਣ ਪੂਰੇ ਪੰਜਾਬ ਵਿੱਚ ਵੱਖ-ਵੱਖ ਮੰਤਰੀਆਂ ਦੇ ਸ਼ਹਿਰਾਂ ਵਿੱਚ ਪੱਕੇ ਮੋਰਚੇ ਲਾਏ ਜਾਣਗੇ। ਆਉਣ ਵਾਲੀਆਂ 2027 ਦੀਆਂ ਚੋਣਾਂ ਤੱਕ ਲੋਕਾਂ ਦੇ ਘਰ-ਘਰ ਜਾ ਕੇ ਇਹ ਦੱਸਿਆ ਜਾਵੇਗਾ ਕਿ ਗਲੀ-ਗਲੀ ਹੱਥ ਜੋੜ ਕੇ ਵੋਟਾਂ ਮੰਗਣ ਵਾਲੇ ਇਹ ‘ਆਮ ਘਰਾਂ ਦੇ ਕਾਕੇ’ ਕਿਸ ਤਰ੍ਹਾਂ ਸੱਤਾ ਵਿੱਚ ਆ ਕੇ ਧਰਨਿਆਂ ‘ਤੇ ਬੈਠੇ ਅਧਿਆਪਕਾਂ ਅਤੇ ਗਿਆਨ ਦੀ ਬੇਅਦਬੀ ਕਰਦੇ ਰਹੇ ਹਨ।
ਇਸ ਅਹਿਮ ਫੈਸਲੇ ਦੌਰਾਨ ਸੂਬਾ ਮੀਤ ਪ੍ਰਧਾਨ ਮੀਨੂ ਬਾਲਾ, ਸੂਬਾ ਸਹਾਇਕ ਸਕੱਤਰ ਸੁਨੀਤਾ ਸ਼ਰਮਾ, ਸੀਨੀਅਰ ਸਹਾਇਕ ਸਕੱਤਰ ਹਰਸਿਮਰਨ ਸਿੰਘ ਔਲਖ, ਸੂਬਾ ਕਮੇਟੀ ਮੈਂਬਰ ਗੁਰਵੰਤ ਕੌਰ, ਸੂਬਾ ਵਿੱਤ ਸਕੱਤਰ ਪਵਨ ਕੁਮਾਰ, ਸੂਬਾ ਮੀਤ ਪ੍ਰਧਾਨ ਗੁਰਚਰਨ ਸਿੰਘ, ਹਰਪ੍ਰੀਤ ਕੌਰ, ਸੂਬਾ ਮੁੱਖ ਸਲਾਹਕਾਰ ਓਮਾ ਮਾਧਵੀ, ਸੂਬਾ ਮੀਡੀਆ ਇੰਚਾਰਜ ਗੁਰਜੀਤ ਸਿੰਘ ਚਾਹਿਲ, ਸੰਜੀਵ ਕੁਮਾਰ, ਚੰਦਰਸ਼ੇਖਰ, ਮਨਮੋਹਨ, ਦੀਪਕ ਕੁਮਾਰ, ਸੁਭ ਕਰਨ, ਕੁਲਵਿੰਦਰ ਕੌਰ, ਅਮਰਵੀਰ ਭੋਪਾਲ (ਮਾਨਸਾ) ਅਤੇ ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਗੂ ਹਾਜ਼ਰ ਸਨ।



