ਕਰੋੜਾਂ ਦੀ ਜ਼ਮੀਨ ਦਾ ਫਰਜ਼ੀ ਸੌਦਾ: ਮਰੇ ਹੋਏ ਵਿਅਕਤੀ ਨੂੰ ‘ਜ਼ਿੰਦਾ’ ਦਿਖਾ 42.50 ਲੱਖ ਦੀ ਠੱਗੀ, 5 ਔਰਤਾਂ ਸਮੇਤ ਦਰਜਨ ਖ਼ਿਲਾਫ਼ ਕੇਸ ਦਰਜ

Top Trending News ਪੰਜਾਬ
  • ਕਰੋੜਾਂ ਦੀ ਜ਼ਮੀਨ ਦਾ ਫਰਜ਼ੀ ਸੌਦਾ: ਮਰੇ ਹੋਏ ਵਿਅਕਤੀ ਨੂੰ ‘ਜ਼ਿੰਦਾ’ ਦਿਖਾ 42.50 ਲੱਖ ਦੀ ਠੱਗੀ, 5 ਔਰਤਾਂ ਸਮੇਤ ਦਰਜਨ ਖ਼ਿਲਾਫ਼ ਕੇਸ ਦਰਜ

ਮੋਰਿੰਡਾ, 9 ਜੁਲਾਈ (ਭਟੋਆ): ਮੋਰਿੰਡਾ ਸਿਟੀ ਪੁਲਿਸ ਨੇ ਕਰੋੜਾਂ ਰੁਪਏ ਦੀ ਜ਼ਮੀਨ ਦੇ ਨਾਂ ‘ਤੇ 42.50 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਜ਼ਮੀਨ ਦੇ ਅਸਲ ਮਾਲਕ ਦੀ ਮੌਤ ਜਾਂ ਲਾਪਤਾ ਹੋਣ ਤੋਂ ਬਾਅਦ ਇੱਕ ਫਰਜ਼ੀ ਵਿਅਕਤੀ ਨੂੰ ਉਸ ਦੇ ਰੂਪ ਵਿੱਚ ਪੇਸ਼ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕਰੋੜਾਂ ਦੀ ਜ਼ਮੀਨ ਦਾ ਸੌਦਾ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਨਿਵਾਸੀ ਕਾਰੋਬਾਰੀ ਸੁਨੀਲ ਕੁਮਾਰ ਸਿੰਗਲਾ ਨੇ ਅਪ੍ਰੈਲ 2026 ਵਿੱਚ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਇੱਕ ਪ੍ਰਾਪਰਟੀ ਡੀਲਰ ਰਾਹੀਂ ਪਿੰਡ ਮੁੱਲਾਂਪੁਰ ਗਰੀਬਦਾਸ ਦੀ 48 ਬਿਸਵੇ ਜ਼ਮੀਨ ਦਾ ਸੌਦਾ 5 ਕਰੋੜ 67 ਲੱਖ 50 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ । ਜਿਸ ਲਈ ਮਾਰਚ 2026 ਵਿੱਚ ਮੋਰਿੰਡਾ ਹਾਈਵੇ ਤੇ ਸਥਿਤ ਤਾਜ ਢਾਬੇ ਨੇੜੇ ਉਸ ਕੋਲੋ ਲੱਕੀ ਸ਼ਰਮਾ ਤੇ ਉਸ ਦੇ ਸਾਥੀਆਂ ਨੇ 1 ਲੱਖ ਰੁਪਏ ਟੋਕਨ ਮਨੀ ਵਜੋ ਲਈ। ਇਸ ਤੋਂ ਬਾਅਦ ਉਸ ਨੇ ਆਰਟੀਜੀਐਸ ਰਾਹੀਂ 42.50 ਲੱਖ ਰੁਪਏ ਕਥਿਤ ਮਾਲਕਾਂ ਦੇ ਬੈਂਕ ਖਾਤੇ ਵਿੱਚ ਭੇਜੇ ਗਏ, ਜਦਕਿ ਕੁਝ ਰਕਮ ਨਕਦ ਵੀ ਦਿੱਤੀ ਗਈ।

ਉਨਾ ਦੱਸਿਆ ਕਿ ਜਦੋਂ ਸ਼ਿਕਾਇਤਕਰਤਾ ਸੁਨੀਲ ਕੁਮਾਰ ਸਿੰਗਲਾ ਨੇ ਪਿੰਡ ਵਿੱਚ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸ ਸਤਪਾਲ ਦੇ ਨਾਂ ‘ਤੇ ਸੌਦਾ ਕੀਤਾ ਗਿਆ, ਉਹ ਵਿਅਕਤੀ ਕਾਫ਼ੀ ਸਮਾਂ ਪਹਿਲਾਂ ਮਰ ਚੁੱਕਾ ਜਾਂ ਲਾਪਤਾ ਸੀ। ਦੋਸ਼ ਹੈ ਕਿ ਇਸ ਗਿਰੋਹ ਨੇ ਇੱਕ ਫਰਜ਼ੀ ਵਿਅਕਤੀ ਨੂੰ ‘ਸਤਪਾਲ’ ਬਣਾ ਕੇ ਖੜ੍ਹਾ ਕੀਤਾ, ਉਸ ਦੇ ਜਾਅਲੀ ਪਛਾਣ ਪੱਤਰ ਤਿਆਰ ਕਰਵਾਏ ਅਤੇ ਉਸ ਨੂੰ ਅਸਲ ਮਾਲਕ ਵਜੋਂ ਪੇਸ਼ ਕਰਕੇ ਸੌਦਾ ਕੀਤਾ।

ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਐਸਬੀਆਈ ਦੀ ਮੁੱਲਾਂਪੁਰ ਅਤੇ ਮੋਹਾਲੀ ਸ਼ਾਖਾ ਦੇ ਕੁਝ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬਿਨਾਂ ਪੂਰੀ e-KYC, ਆਧਾਰ ਅਤੇ ਪੈਨ ਲਿੰਕ ਕੀਤੇ ਖਾਤਾ ਖੋਲ੍ਹਿਆ ਗਿਆ। ਇਸੇ ਖਾਤੇ ਵਿੱਚ ਆਈ ਰਕਮ ਵਿੱਚੋਂ 30.50 ਲੱਖ ਰੁਪਏ 2 ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ।

ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਉੱਪ ਕਪਤਾਨ ਪੁਲਿਸ ਕ੍ਰਾਈਮ ਅਗੇੰਸਟ ਵੂਮੈਨ ਐਂਡ ਚਿਲਡਰਨ ਰੂਪਨਗਰ ਵੱਲੋ ਕੀਤੀ ਗਈ, ਜਿਨਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੋਸ਼ੀਆਂ ਵੱਲੋ ਆਪਸੀ ਮਿਲੀ ਭੁਗਤ ਕਰਕੇ ਸਤਪਾਲ ਨਾਮ ਦਾ ਜਾਅਲੀ ਵਿਅਕਤੀ ਖੜਾ ਕਰਕੇ ਅਤੇ ਗਲਤ ਜਮੀਨ ਦਿਖਾ ਕੇ ਸ਼ਿਕਾਇਤ ਕਰਤਾ ਜਮੀਨ ਵੇਚਣ ਦਾ ਇਕਰਾਰ ਕਰਕੇ ਉਸ ਕੋਲੋਂ 42 ਲੱਖ ਅਤੇ ਹੋਰ ਨਾਗ ਦਾ ਰਕਮ ਹਾਸਲ ਕਰਕੇ ਧੋਖਾ ਧੜੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਐਸਐਸਪੀ ਰੂਪਨਗਰ ਦੇ ਹੁਕਮਾਂ ‘ਤੇ ਜਾਂਚ ਤੋਂ ਬਾਅਦ ਲੱਕੀ ਸ਼ਰਮਾ, ਉਸ ਦੀ ਪਤਨੀ, ਪਰਮਿੰਦਰ ਸਿੰਘ ਉਰਫ਼ ਰਾਜਵੀਰ ਟੋਨੀ, ਹਰਵਿੰਦਰ ਸਿੰਘ, ਜਸਵਿੰਦਰ ਕੌਰ, ਕਰਮਜੀਤ ਕੌਰ, ਜਗਦੀਪ ਚੌਧਰੀ, ਹਰਦੀਪ ਸਿੰਘ, ਕੁਲਦੀਪ ਕੌਰ, ਲਾਭ ਕੌਰ, ਹਰਜੇਸ਼ ਕੁਮਾਰ ਅਤੇ ਪ੍ਰੀਤੀ ਖੁਰਾਨਾ ਸਮੇਤ 12 ਵਿਅਕਤੀਆਂ ਖ਼ਿਲਾਫ਼ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ

ਮਾਮਲੇ ਦੀ ਅਗਲੇਰੀ ਜਾਂਚ ਏਐਸਆਈ ਮਨਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।