- ਸਿੱਖੀ ਦੇ ਪ੍ਰਚਾਰ ਅਤੇ ਗੁਰੂ ਘਰ ਦੀ ਮਰਯਾਦਾ ’ਤੇ ਸਵਾਲ ਚੁੱਕਣ ਵਾਲੀ ਸੋਚ ਤੋਂ ਕੌਮ ਰਹੇ ਸੁਚੇਤ – ਗਿਆਨੀ ਕੁਲਦੀਪ ਸਿੰਘ ਗੜਗੱਜ
- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚੱਲ ਰਹੀਆਂ ਪੰਥਕ ਪਰੰਪਰਾਵਾਂ ਨੂੰ ਸਿਆਸਤ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ -ਐਡਵੋਕੇਟ ਧਾਮੀ
- ਕਿਹਾ; ਸੰਗਤਾਂ ਦੇ ਵੱਡੇ ਹੁੰਗਾਰੇ ਤੋਂ ਘਬਰਾਏ ਲੋਕ ਮੀਰੀ-ਪੀਰੀ ਖ਼ਾਲਸਾ ਮਾਰਚ ’ਤੇ ਕਰ ਰਹੇ ਹਨ ਟਿੱਪਣੀ
- ਪਿੰਡ ਬਾਦਲ ਵਿਖੇ ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਤੇ ਵੱਡੀ ਗਿਣਤੀ ਸੰਗਤਾਂ ਨੇ ਖਾਲਸਾ ਮਾਰਚ ਦਾ ਕੀਤਾ ਸਵਾਗਤ
ਸ੍ਰੀ ਮੁਕਤਸਰ ਸਾਹਿਬ/ਅੰਮ੍ਰਿਤਸਰ, 3 ਅਗਸਤ (ਦੇਸ਼ ਕਲਿੱਕ ਬਿਊਰੋ) : ਮੀਰੀ-ਪੀਰੀ ਖ਼ਾਲਸਾ ਮਾਰਚ ਕੋਈ ਸਿਆਸੀ ਰੋਡ ਸ਼ੋ ਨਹੀਂ, ਸਗੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਸਿਧਾਂਤ ਅਤੇ ਪੰਥਕ ਪਰੰਪਰਾਵਾਂ ਦਾ ਪ੍ਰਗਟਾਵਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਉੱਤੇ ਆਏ ਚਨੌਤੀ ਭਰੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਅਤੇ ਪੰਥਕ ਮੋਰਚੇ ਆਰੰਭ ਹੋਏ, ਜਿਨ੍ਹਾਂ ਨੇ ਕੌਮ ਨੂੰ ਇਕਜੁੱਟ ਕੀਤਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਥੇਹੜੀ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵੱਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਰੋਡ ਸ਼ੋ ਕਹਿਣਾ ਨਾ ਸਿਰਫ਼ ਸਿੱਖ ਪਰੰਪਰਾਵਾਂ ਦੀ ਅਣਜਾਣਤਾ ਹੈ, ਸਗੋਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਵਾਲਾ ਵੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਅਜਿਹੇ ਬਿਆਨਾਂ ਦਾ ਸਮੇਂ ਸਿਰ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਗੁਰੂ ਘਰਾਂ ਦੀ ਮਰਿਆਦਾ ਅਤੇ ਪੰਥਕ ਪਰੰਪਰਾਵਾਂ ਦਾ ਸਨਮਾਨ ਕਾਇਮ ਰਹੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਸਰਬੱਤ ਦੇ ਭਲੇ, ਨਿਆਂ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਖੜ੍ਹਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਹੋਇਆ ਅਤੇ ਇਹ ਸੰਸਥਾਵਾਂ ਹਮੇਸ਼ਾ ਪੰਥਕ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਜੈਤੋ ਮੋਰਚੇ ਤੋਂ ਲੈ ਕੇ 1995 ਦੇ ਔਖੇ ਦੌਰ ਸਮੇਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ਨੂੰ ਹਮੇਸ਼ਾ ਸੇਧ ਦਿੱਤੀ ਹੈ। ਐਮਰਜੈਂਸੀ ਦੇ ਦੌਰਾਨ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕੌਮ ਨੂੰ ਜਾਗਰੂਕ ਕਰਨ ਅਤੇ ਗੁਰਮਤਿ ਨਾਲ ਜੋੜਨ ਲਈ ਲਗਭਗ 37 ਮਹਾਨ ਨਗਰ ਕੀਰਤਨ ਕੱਢੇ। ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਕੱਢ ਕੇ ਮੀਰੀ-ਪੀਰੀ ਦੇ ਸਿਧਾਂਤ ਅਤੇ ਸੰਤ-ਸਿਪਾਹੀ ਦੀ ਵਿਚਾਰਧਾਰਾ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਗਿਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਚੱਲ ਰਹੇ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲ ਰਿਹਾ ਵਿਸ਼ਾਲ ਹੁੰਗਾਰਾ ਕੁਝ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਇਸੇ ਕਾਰਨ ਇਸ ਪਵਿੱਤਰ ਪੰਥਕ ਪਰੰਪਰਾ ਨੂੰ ਰੋਡ ਸ਼ੋ ਵਰਗੇ ਸ਼ਬਦਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਨਿੰਦਣਯੋਗ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਦੀਆਂ ਤੋਂ ਪੰਥ ਦੀ ਅਗਵਾਈ ਕਰਦਾ ਆ ਰਿਹਾ ਹੈ। ਜਦੋਂ ਵੀ ਸਿੱਖ ਧਰਮ, ਪੰਥਕ ਰਵਾਇਤਾਂ ਜਾਂ ਸੰਸਥਾਵਾਂ ਤੇ ਹਮਲਾ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਦੇ ਸਿਧਾਂਤਾਂ ਅਨੁਸਾਰ ਪੰਥ ਨੂੰ ਅਗਵਾਈ ਦਿੱਤੀ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਪੰਥ ਨੂੰ ਮੀਰੀ-ਪੀਰੀ ਦਾ ਮਹਾਨ ਸਿਧਾਂਤ ਬਖ਼ਸ਼ਿਆ। ਕਈਆਂ ਨੂੰ ਭੁਲੇਖਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕੇਵਲ ਭਗਤੀ ਦੀ ਗੱਲ ਹੈ, ਪਰ ਛੇਵੇਂ ਪਾਤਸ਼ਾਹ ਨੇ ਦੋ ਕਿਰਪਾਨਾਂ ਧਾਰਨ ਕਰਕੇ ਸਪੱਸ਼ਟ ਕੀਤਾ ਕਿ ਭਗਤੀ ਦੇ ਨਾਲ ਸ਼ਕਤੀ, ਸੰਤ ਦੇ ਨਾਲ ਸਿਪਾਹੀ ਅਤੇ ਧਰਮ ਦੇ ਨਾਲ ਜ਼ੁਲਮ ਦਾ ਟਾਕਰਾ ਕਰਨ ਦੀ ਸਮਰੱਥਾ ਵੀ ਉਤਨੀ ਹੀ ਜ਼ਰੂਰੀ ਹੈ। ਮੀਰੀ-ਪੀਰੀ ਖ਼ਾਲਸਾ ਮਾਰਚ ਵੀ ਉਸੇ ਪਰੰਪਰਾ ਦਾ ਹਿੱਸਾ ਹੈ। ਪੰਜਾਬ ਵਿੱਚ ਵਧ ਰਹੇ ਨਸ਼ਿਆਂ ਕਾਰਨ ਮਾਪਿਆਂ ਵਿੱਚ ਨਿਰਾਸ਼ਾ, ਆਪਣੇ ਵਿਰਸੇ ਤੋਂ ਦੂਰ ਹੋ ਰਹੀ ਨੌਜਵਾਨੀ ਅਤੇ ਸਿੱਖ ਸੰਸਥਾਵਾਂਤੇ ਉੱਠ ਰਹੇ ਸਵਾਲਾਂ ਦੇ ਮਾਹੌਲ ਵਿੱਚ ਇਹ ਮਾਰਚ ਚੜ੍ਹਦੀ ਕਲਾ, ਗੁਰਮਤਿ ਅਤੇ ਪੰਥਕ ਜਾਗਰੂਕਤਾ ਦਾ ਸੰਦੇਸ਼ ਲੈ ਕੇ ਨਿਕਲਿਆ ਹੈ।
ਇਸ ਯਾਤਰਾ ਨੇ ਨੌਜਵਾਨਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਅਨੇਕਾਂ ਨੌਜਵਾਨਾਂ ਨੇ ਸਿੱਖੀ ਸਰੂਪ ਵਿੱਚ ਰਹਿਣ ਦਾ ਪ੍ਰਣ ਲਿਆ, ਇਹ ਗੁਰੂ ਦੀ ਬਖ਼ਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਆਲੋਚਨਾ ਇਸ ਕਾਰਜ ਦਾ ਰਾਹ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਧਰਮ ਦੇ ਪ੍ਰਚਾਰ ਤੇ ਸਵਾਲ ਕਰਨ ਵਾਲੀ ਇਹ ਉਹੀ ਸੋਚ ਹੈ ਜੋ ਗੁਰੂ ਦੇ ਸਰੋਵਰਾਂ ਵਿੱਚ ਫ਼ਸਲ ਬੀਜਣ ਦੀ ਗੱਲ ਕਰਦੀ ਸੀ। ਪੰਥ ਨੇ ਨਾ ਅਜਿਹੀ ਸੋਚ ਨੂੰ ਪਹਿਲਾਂ ਕਾਮਯਾਬ ਹੋਣ ਦਿੱਤਾ ਤੇ ਨਾ ਅੱਗੇ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਯਾਦਾ ਤੇ ਗੁਰੂ ਕੀਆਂ ਗੋਲਕਾਂ ਤੇ ਸਵਾਲ ਚੁੱਕਣ ਵਾਲੀ ਅਜਿਹੀ ਸੋਚ ਤੋਂ ਕੌਮ ਨੇ ਸੁਚੇਤ ਰਹਿਣਾ ਹੈ। ਖਾਲਸਾ ਮਾਰਚ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਸਮੇਂ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਮੀਰੀ ਪੀਰੀ ਖਾਲਸਾ ਮਾਰਚ ਦੇ ਮਕਸਦ ਅਤੇ ਸਿੱਖ ਸਿਧਾਂਤਾਂ ਸਬੰਧੀ ਵਿਚਾਰਾਂ ਕੀਤੀਆਂ ਅਤੇ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸਰਵਣ ਕਰਵਾਇਆ।
ਖਾਲਸਾ ਮਾਰਚ ਦੀ ਰਵਾਨਗੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਅਵਤਾਰ ਸਿੰਘ ਵਣਵਾਲਾ
ਨੇ ਸ਼ੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਭਾਈ। ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤਾਂ ਅੰਦਰ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਖਾਲਸਾ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ।
ਮੀਰੀ ਪੀਰੀ ਖਾਲਸਾ ਮਾਰਚ ਦਾ ਅੱਜ ਪਿੰਡ ਥਰਾਜਵਾਲਾ, ਲਾਲਬਾਈ, ਚੰਨੂੰ, ਲੰਬੀ, ਖਿਉਵਾਲੀ, ਬਾਦਲ, ਕਾਲਝਰਾਣੀ, ਚੱਕ ਅਤਰ ਸਿੰਘ ਵਾਲਾ, ਨੰਦਗੜ੍ਹ, ਘੁੱਦਾ, ਬਾਹੋਯਾਤਰੀ, ਤਿਉਣਾ, ਮੁਲਤਾਨੀਆਂ, ਕਿਸ਼ਾਨ ਚੌਂਕ, ਮੁਲਤਾਨੀਆਂ ਪੁਲ ਤੇ ਬਠਿੰਡਾ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ।
ਮੀਰੀ ਪੀਰੀ ਖਾਲਸਾ ਮਾਰਚ ਦਾ ਪਿੰਡ ਬਾਦਲ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਤੇ ਵੱਡੀ ਗਿਣਤੀ ਸੰਗਤਾਂ ਨੇ ਸਵਾਗਤ ਕੀਤਾ। ਸ. ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ ਅਤੇ ਪੰਜ ਪਿਆਰੇ ਸਾਹਿਬਾਨ, ਜਥੇਦਾਰ ਸਾਹਿਬ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ।
ਖ਼ਾਲਸਾ ਮਾਰਚ ਦਾ ਅੱਜ ਰਾਤ ਦਾ ਪੜਾਅ ਗੁਰਦੁਆਰਾ ਹਾਜੀਰਤਨ ਸਾਹਿਬ ਬਠਿੰਡਾ ਵਿਖੇ ਹੋਵੇਗਾ, ਜਿਥੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਖ਼ਾਲਸਾ ਮਾਰਚ ਨਾਲ ਚੱਲ ਰਹੀ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਸ਼ਤਰਾਂ ਵਾਲੀ ਬੱਸ ਅਤੇ ਵੱਖ-ਵੱਖ ਗੱਡੀਆਂ ’ਤੇ ਲਗਾਏ ਗਏ ਸ਼ਹੀਦ ਸਿੰਘਾਂ ਦੇ ਸਚਿੱਤਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਤਜਿੰਦਰ ਸਿੰਘ ਮਿੱਡੂਖੇੜਾ, ਸਾਬਕਾ ਵਿਧਾਇਕ ਸ. ਹਰਪ੍ਰੀਤ ਸਿੰਘ, ਬੀਬੀ ਗੁਰਦਿਆਲ ਕੌਰ ਮੱਲਣ, ਸ਼੍ਰੋਮਣੀ ਕਮੇਟੀ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਸ. ਅਵਤਾਰ ਸਿੰਘ ਵਣਵਾਲਾ, ਸ. ਗੁਰਪਾਲ ਸਿੰਘ ਗੋਰਾ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਸ. ਹਰਤੇਜ ਸਿੰਘ ਭੁੱਲਰ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਬੂਟਾ ਸਿੰਘ, ਬੀਬੀ ਕਿਰਨਵੀਰ ਕੌਰ, ਸ. ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜੋਗਿੰਦਰ ਕੌਰ, ਸ. ਜਗਸੀਰ ਸਿੰਘ ਮਾਂਗੇਆਣਾ, ਅਕਾਲੀ ਆਗੂ ਸ. ਮਨਜਿੰਦਰ ਸਿੰਘ, ਸ. ਪਰਮਿੰਦਰ ਸਿੰਘ ਕੋਲਿਆਂਵਾਲੀ, ਸ. ਪ੍ਰੀਤ ਇੰਦਰ ਸਿੰਘ ਦਿਹਾਤੀ ਪ੍ਰਧਾਨ, ਸ. ਸੁਖਇੰਦਰ ਸਿੰਘ ਭੁੱਲਰ, ਸ. ਜਸਪ੍ਰੀਤ ਸਿੰਘ ਰੋੜਾਂਵਾਲੀ, ਸ. ਜਗਜੀਤ ਸਿੰਘ ਪੰਜਾਵਾ, ਸ. ਰਣਜੀਤ ਸਿੰਘ ਮਲੋਟ, ਸ. ਇੰਦਰਜੀਤ ਸਿੰਘ, ਬਾਬਾ ਮਨਪ੍ਰੀਤ ਸਿੰਘ, ਫੈਡਰੇਸ਼ਨ ਆਗੂ ਸਿਮਰਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਸ. ਗੁਰਮੀਤ ਸਿੰਘ ਮੁਕਤਸਰੀ, ਇੰਚਾਰਜ ਸ. ਗੁਰਪ੍ਰੀਤ ਸਿੰਘ ਰੋਡੇ, ਸ. ਅਵਤਾਰ ਸਿੰਘ, ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਗਿਆਨੀ ਬਲਦੇਵ ਸਿੰਘ,ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਯੁਵਰਾਜ ਸਿੰਘ, ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਸ. ਨਿਰਮਲਜੀਤ ਸਿੰਘ, ਸ. ਸੰਦੀਪ ਸਿੰਘ ਕਲੋਤਾ, ਸਾਬਕਾ ਮੈਨੇਜਰ ਸ. ਸੁਮੇਰ ਸਿੰਘ ਬਾਦੀਆਂ, ਬਾਬਾ ਜਸਪਾਲ ਸਿੰਘ, ਬਾਬਾ ਸੁਰਜੀਤ ਸਿੰਘ ਡੱਬਵਾਲੀ, ਸ. ਸੁਖਵਿੰਦਰ ਸਿੰਘ, ਸੁਪਰਵਾਈਜ਼ਰ ਸ. ਜਸਬੀਰ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ, ਪੰਡਿਤ ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।



