ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰਾਂ ਨੂੰ ਮਾਰੀ ਟੱਕਰ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

Top Trending News ਪੰਜਾਬ
  • ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰਾਂ ਨੂੰ ਮਾਰੀ ਟੱਕਰ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਮੋਰਿੰਡਾ 6 ਅਗਸਤ (ਭਟੋਆ): ਮੋਰਿੰਡਾ ਲੁਧਿਆਣਾ ਬਾਈਪਾਸ ਨੇੜੇ ਕੇ.ਐੱਫ.ਸੀ. ਲੰਡਨ ਸਟ੍ਰੀਟ ਅਤੇ ਪੰਜਕੋਹਾ ਪੈਲੇਸ ਟੀ-ਪੁਆਇੰਟ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਕਾਰ ਦੀ ਟੱਕਰ ਕਾਰਨ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਮੋਰਿੰਡਾ ਸਿਟੀ ਪੁਲਿਸ ਨੇ ਬਾਈਪਾਸ ‘ਤੇ ਹੋਏ ਇਸ ਹਾਦਸੇ ਸਬੰਧੀ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਗਗਨਦੀਪ ਸਿੰਘ ਐਸਐਚਓ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਨੂ ਦੱਤ ਵਾਸੀ ਰਾਮਗੜ੍ਹੀਆ ਬਾਜ਼ਾਰ, ਮੋਰਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 2 ਅਗਸਤ ਨੂੰ ਸਵੇਰੇ ਲਗਭਗ 11:47 ਵਜੇ ਉਹ ਆਪਣੇ ਐਕਟਿਵਾ ਸਕੂਟਰ ‘ਤੇ ਜਾ ਰਿਹਾ ਸੀ, ਜਦਕਿ ਉਸ ਦੇ ਅੱਗੇ ਦੋ ਵਿਅਕਤੀ ਸਾਈਕਲ ‘ਤੇ ਲੁਧਿਆਣਾ ਰੋਡ ਵੱਲ ਜਾ ਰਹੇ ਸਨ। ਜਦੋਂ ਉਹ ਸੜਕ ਪਾਰ ਕਰਕੇ ਆਪਣੇ ਪਾਸੇ ਹੋਏ, ਤਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੀ ਇੱਕ ਕਾਰ ਨੰਬਰ – ਪੀਬੀ 87-7537 ਨੇ ਇੱਕ ਬੱਸ ਨੂੰ ਗਲਤ ਪਾਸਿਓਂ ਓਵਰਟੇਕ ਕਰਦਿਆਂ ਗਲਤ ਸਾਈਡ ਆ ਕੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸੋਨੂ ਦੱਤ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਸਵਾਰ ਦੋਵੇਂ ਵਿਅਕਤੀ ਸੜਕ ‘ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਗੱਡੀ ਰੋਕਣ ਤੋਂ ਬਾਅਦ ਫਰਾਰ ਹੋ ਗਿਆ।

ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਮ੍ਰਿਤਕ ਦੀ ਪਛਾਣ ਰਾਜੂ ਦਹੀਅਤ ਵਾਸੀ ਬਿਹਾਰ, ਹਾਲ ਵਾਸੀ ਦੇਵਾ ਮਿੱਲ, ਮੋਰਿੰਡਾ ਦੇ ਰੂਪ ਵਿੱਚ ਹੋਈ ਹੈ। ਹਾਦਸੇ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਰਿੰਡਾ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਹਾਦਸੇ ਵਿੱਚ ਜ਼ਖ਼ਮੀ ਦੀ ਪਛਾਣ ਰਾਹੁਲ ਕੁਮਾਰ ਵਾਸੀ ਬਿਹਾਰ, ਹਾਲ ਵਾਸੀ ਦੇਵਾ ਮਿੱਲ ਮੋਰਿੰਡਾ ਵਜੋਂ ਹੋਈ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾ ਨੇ ਉਸ ਨੂੰ ਸਰਕਾਰੀ ਹਸਪਤਾਲ ਫੇਜ਼-6, ਮੋਹਾਲੀ ਇਲਾਜ ਲਈ ਰੈਫ਼ਰ ਕਰ ਦਿੱਤਾ, ਜਿੱਥੇ ਉਹ ਇਲਾਜ ਅਧੀਨ ਦਾਖਲ ਹੈ।

ਇਸ ਮਾਮਲੇ ਦੇ ਜਾਂਚ ਅਫ਼ਸਰ ਏਐੱਸਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਨੂ ਦੱਤ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਕਾਰ ਨੰਬਰ ਪੀਬੀ 87-7537 ਦੇ ਅਣਪਛਾਤੇ ਚਾਲਕ ਵਿਰੁੱਧ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਫਰਾਰ ਕਾਰ ਚਾਲਕ ਦੀ ਭਾਲ ਲਈ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।