ਕੈਨੇਡਾ ‘ਚ ਵਰਕ ਪਰਮਿਟ ਰੱਦ ਹੋਣ ਕਾਰਨ ਮੁਸੀਬਤ ‘ਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੀ ਮਾਨ ਸਰਕਾਰ

Top Trending News ਕੌਮਾਂਤਰੀ ਪੰਜਾਬ

 

ਕੈਨੇਡਾ ‘ਚ ਵਰਕ ਪਰਮਿਟ ਰੱਦ ਹੋਣ ਕਾਰਨ ਮੁਸੀਬਤ ‘ਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੀ ਮਾਨ ਸਰਕਾਰ

ਚੰਡੀਗੜ੍ਹ, 7 ਅਗਸਤ 2026

ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੀਆਂ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀ, ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਪੰਜਾਬ ਸਰਕਾਰ ਅੱਗੇ ਆਈ ਹੈ। ਇਸ ਅਹਿਮ ਅਤੇ ਸੰਵੇਦਨਸ਼ੀਲ ਮਸਲੇ ‘ਤੇ ਪ੍ਰਭਾਵਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵੱਡੀ ਪਹਿਲਕਦਮੀ ਕੀਤੀ ਹੈ।

ਡਾ. ਰਵਜੋਤ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਇੱਕ ਅਧਿਕਾਰਤ ਪੱਤਰ ਅਤੇ ਈਮੇਲ ਭੇਜ ਕੇ ਇਸ ਮੁੱਦੇ ‘ਤੇ ਗੰਭੀਰ ਚਰਚਾ ਕਰਨ ਲਈ ਤੁਰੰਤ ਮਿਲਣ ਦਾ ਸਮਾਂ ਮੰਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਦੇ ਦਖ਼ਲ ਨਾਲ ਹੀ ਕੈਨੇਡਾ ਸਰਕਾਰ ਨਾਲ ਰਾਜਦੂਤਕ ਪੱਧਰ ‘ਤੇ ਗੱਲਬਾਤ ਕਰਕੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੈਨੇਡਾ ਦੀਆਂ ਬਦਲੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀਆਂ ਦੀਆਂ PGWP ਅਰਜ਼ੀਆਂ ਖਾਰਜ ਹੋ ਰਹੀਆਂ ਹਨ। ਇਸ ਵਜ੍ਹਾ ਨਾਲ ਲੱਖਾਂ ਰੁਪਏ ਖਰਚ ਕੇ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਦੇ ਪੱਕੇ ਹੋਣ ਅਤੇ ਉੱਥੇ ਕੰਮ ਕਰਨ ਦੇ ਸੁਪਨਿਆਂ ‘ਤੇ ਅਨਿਸ਼ਚਿਤਤਾ ਦੇ ਬਾਦਲ ਛਾ ਗਏ ਹਨ। ਕਈ ਵਿਦਿਆਰਥੀ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦੇ ਖ਼ਤਰੇ ਦਾ ਵੀ ਸਾਹਮਣਾ ਕਰ ਰਹੇ ਹਨ।

ਪੰਜਾਬ ਸਰਕਾਰ ਦੇ ਇਸ ਕਦਮ ਨਾਲ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਇੱਕ ਆਸ ਦੀ ਕਿਰਨ ਜਗੀ ਹੈ। ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਰਾਜ ਸਰਕਾਰ ਸਾਡੇ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਕੇਂਦਰ ਨਾਲ ਲਗਾਤਾਰ ਰਾਬਤਾ ਕਾਇਮ ਰੱਖੇਗੀ।