ਕੈਪਟਨ ਨੂੰ ਰਾਹੁਲ ਗਾਂਧੀ ਵੱਲੋਂ ‘ਅੰਕਲ’ ਕਹਿਣ ’ਤੇ ਅਮਰਿੰਦਰ ਦਾ ਜਵਾਬ, ਕਿਹਾ- ਸਾਡੇ ਨਿੱਜੀ ਰਿਸ਼ਤੇ ਕਾਇਮ

Top Trending News ਦਿੱਲੀ ਪੰਜਾਬ ਰਾਸ਼ਟਰੀ

 

ਕੈਪਟਨ ਨੂੰ ਰਾਹੁਲ ਗਾਂਧੀ ਵੱਲੋਂ ‘ਅੰਕਲ’ ਕਹਿਣ ’ਤੇ ਅਮਰਿੰਦਰ ਦਾ ਜਵਾਬ, ਕਿਹਾ- ਸਾਡੇ ਨਿੱਜੀ ਰਿਸ਼ਤੇ ਕਾਇਮ

ਚੰਡੀਗੜ੍ਹ, 8 ਅਗਸਤ 2026

ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਵੇਂ ਉਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਪੁਰਾਣੇ ਨੇਤਾਵਾਂ ਦੇ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਐਮਪੀ ਰਾਹੁਲ ਗਾਂਧੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਹੈਲੋ ਅੰਕਲ ਤੋਂ ਇਲਾਵਾ ਪਸੰਦੀਦਾ ਨੇਤਾ ਵਜੋਂ ਸੰਬੋਧਨ ਕੀਤਾ ਗਿਆ ਸੀ।

ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ‘ਅੰਕਲ’ ਕਹੇ ਜਾਣ ਅਤੇ ਆਪਣਾ ‘ਪਸੰਦੀਦਾ ਆਗੂ’ ਦੱਸੇ ਜਾਣ ’ਤੇ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਪਹਿਲਾਂ ਵਾਂਗ ਹੀ ਕਾਇਮ ਹਨ, ਪਰ ਸਿਆਸੀ ਪੱਖੋਂ ਉਨ੍ਹਾਂ ਦੀ ਵਚਨਬੱਧਤਾ ਭਾਰਤੀ ਜਨਤਾ ਪਾਰਟੀ (BJP) ਪ੍ਰਤੀ ਹੈ।

ਦੱਸਦੇ ਚੱਲੀਏ ਕਿ, ਰਾਹੁਲ ਗਾਂਧੀ ਨੇ ਵੀਰਵਾਰ ਦੇਰ ਰਾਤ ਸਾਂਝੀ ਕੀਤੀ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਭਾਜਪਾ ਵਿੱਚ ਉਨ੍ਹਾਂ ਦੇ ਪਸੰਦੀਦਾ ਆਗੂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਉਨ੍ਹਾਂ ਦੀ ਚੰਗੀ ਬਣਦੀ ਹੈ ਅਤੇ ਉਹ ਇੱਕ ‘ਕੂਲ’ ਵਿਅਕਤੀ ਹਨ। ਰਾਹੁਲ ਗਾਂਧੀ ਨੇ ਕੈਪਟਨ ਦੇ ਫ਼ੌਜੀ ਪਿਛੋਕੜ ਅਤੇ ਇਤਿਹਾਸ ਬਾਰੇ ਜਾਣਕਾਰੀ ਦੀ ਵੀ ਸ਼ਲਾਘਾ ਕੀਤੀ।

ਵੀਡੀਓ ਦੇ ਅੰਤ ਵਿੱਚ ਰਾਹੁਲ ਗਾਂਧੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ, “ਹੈਲੋ, ਅੰਕਲ ਅਮਰਿੰਦਰ!” ਰਾਹੁਲ ਗਾਂਧੀ ਦੀ ਇਸ ਟਿੱਪਣੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾਣ ਲੱਗੇ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੁੜ ਕਾਂਗਰਸ ਦਾ ਹਿੱਸਾ ਬਣ ਸਕਦੇ ਹਨ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਨੇ ਇਨ੍ਹਾਂ ਕਿਆਸਾਂ ਨੂੰ ਫਿਲਹਾਲ ਠੱਲ੍ਹ ਪਾ ਦਿੱਤੀ ਹੈ। ਉਨ੍ਹਾਂ ਨੇ ਨਿੱਜੀ ਸਬੰਧਾਂ ਅਤੇ ਸਿਆਸੀ ਵਚਨਬੱਧਤਾ ਵਿਚਲਾ ਅੰਤਰ ਸਪੱਸ਼ਟ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤੇ ਆਪਣੀ ਥਾਂ ਹਨ, ਪਰ ਉਨ੍ਹਾਂ ਦੀ ਸਿਆਸੀ ਨਿਸ਼ਠਾ ਭਾਜਪਾ ਨਾਲ ਬਣੀ ਹੋਈ ਹੈ। ਕੈਪਟਨ ਦੇ ਇਸ ਬਿਆਨ ਨੂੰ ਪੰਜਾਬ ਦੀ ਆਉਣ ਵਾਲੀ ਸਿਆਸਤ ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।