- ਕੇਂਦਰ ਸਰਕਾਰ ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ ‘ਚ ਪਿਆ 18 ਲੱਖ ਮੀਟ੍ਰਿਕ ਟਨ ਅਨਾਜ ਦਾ ਪੁਰਾਣਾ ਸਟਾਕ ਚੁੱਕੇਗੀ: CM ਮਾਨ
- ਕੇਂਦਰ ਨੇ ਪੰਜਾਬ ਦੀਆਂ ਮੰਡੀਆਂ ‘ਚ ਪਿਆ ਪੁਰਾਣਾ ਸਟਾਕ 20 ਸਤੰਬਰ ਤੱਕ ਚੁੱਕਣ ਦੀ ਹਾਮੀ ਭਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਸਬੰਧੀ ਤਿਆਰੀਆਂ ਤੇਜ਼ ਕੀਤੀਆਂ; ਕਿਸਾਨਾਂ ਨੂੰ ਆਪਣੀ ਫਸਲ ਵੇਚਣ ‘ਚ ਕੋਈ ਦਿੱਕਤ ਨਹੀਂ ਆਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਕੇਂਦਰ ਨੂੰ ਕਿਸਾਨਾਂ ਦੀਆਂ ਫਸਲਾਂ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੀ ਅਪੀਲ ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਪੰਜਾਬ ਦੇਸ਼ ਦਾ ਅੰਨ ਭੰਡਾਰ; ਸੂਬਾ ਇਸ ਸਾਲ 170 ਲੱਖ ਮੀਟ੍ਰਿਕ ਟਨ ਮਿਆਰੀ ਗੁਣਵੱਤਾ ਦਾ ਚੌਲ ਸਪਲਾਈ ਕਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਖੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ’ਤੇ ਚਰਚਾ ਕੀਤੀ
ਨਵੀਂ ਦਿੱਲੀ; 8 ਅਗਸਤ 2026 (ਦੇਸ਼ ਕਲਿੱਕ ਬਿਊਰੋ): ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ਵਿੱਚ ਪਏ 18 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਅਨਾਜ ਦੇ ਪੁਰਾਣੇ ਸਟਾਕ ਨੂੰ 20 ਸਤੰਬਰ ਤੱਕ ਚੁੱਕਣ ਲਈ ਸਹਿਮਤ ਹੋ ਗਈ ਹੈ, ਜਿਸ ਨਾਲ ਸੂਬੇ ਵਿੱਚ ਝੋਨੇ ਦੀ ਸੰਭਾਵਿਤ ਬੰਪਰ ਫਸਲ ਦੇ ਭੰਡਾਰਨ ਲਈ ਲੋੜੀਂਦੀ ਜਗ੍ਹਾ ਖਾਲੀ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਖੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸਬੰਧਤ ਮੁੱਦੇ ਉਠਾਏ। ਉਨਬ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।
ਇਹ ਆਖਦਿਆਂ ਕਿ ਇਸ ਸਾਲ ਪੰਜਾਬ ਵੱਲੋਂ 170 ਲੱਖ ਮੀਟ੍ਰਿਕ ਟਨ ਮਿਆਰੀ ਗੁਣਵੱਤਾ ਦਾ ਚਾਵਲ ਮੁਹੱਈਆ ਕਰਵਾਏ ਜਾਣ ਦੀ ਉਮੀਦ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋੜੀਂਦੀ ਭੰਡਾਰਨ ਥਾਂ ਅਤੇ ਢੁਕਵੇਂ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਨਾ ਸਿਰਫ ਪੰਜਾਬ ਦੇ ਕਿਸਾਨਾਂ ਲਈ ਸਗੋਂ ਦੇਸ਼ ਦੀ ਖੁਰਾਕ ਸੁਰੱਖਿਆ ਲਈ ਵੀ ਅਤਿ ਮਹੱਤਵਪੂਰਨ ਹੈ।
ਸਾਉਣੀ ਮੰਡੀਕਰਨ ਸੀਜ਼ਨ (ਕੇ.ਐਮ.ਐਸ.) 2025-26 ਦੇ ਚਾਵਲ ਦੀ ਡਿਲੀਵਰੀ ਲਈ ਲੋੜੀਂਦੀ ਭੰਡਾਰਨ ਥਾਂ ਬਣਾਉਣ ਦੀ ਤੁਰੰਤ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਆਪਣੀ ਮੁਲਾਕਾਤ ਦੌਰਾਨ, ਮੈਂ ਪੰਜਾਬ ਤੋਂ 18 ਲੱਖ ਮੀਟ੍ਰਿਕ ਟਨ ਚਾਵਲ ਤੁਰੰਤ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਉਣੀ ਮੰਡੀਕਰਨ ਸੀਜ਼ਨ 2025-26 ਦੇ ਸਟਾਕ ਦਾ ਚਾਵਲ ਕੇਂਦਰੀ ਪੂਲ ਵਿੱਚ ਪਹੁੰਚਾਉਣ ਲਈ ਪਹਿਲਾਂ ਢੁਕਵੀਂ ਭੰਡਾਰਨ ਥਾਂ ਬਣਾਉਣਾ ਅਤਿ ਜ਼ਰੂਰੀ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਕੋਲ ਜਗ੍ਹਾ ਦੀ ਲਗਾਤਾਰ ਘਾਟ ਦੇ ਬਾਵਜੂਦ, ਸਾਡੀਆਂ ਰਾਜ ਖਰੀਦ ਏਜੰਸੀਆਂ ਨੇ ਹੁਣ ਤੱਕ ਐਫ.ਸੀ.ਆਈ. ਨੂੰ 86 ਲੱਖ ਮੀਟ੍ਰਿਕ ਟਨ ਚਾਵਲ ਸਫਲਤਾਪੂਰਵਕ ਸਪਲਾਈ ਕਰ ਦਿੱਤਾ ਹੈ।”
ਸਾਉਣੀ ਮੰਡੀਕਰਨ ਸੀਜ਼ਨ ਲਈ ਸਮੇਂ ਸਿਰ ਤਿਆਰੀਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “18 ਲੱਖ ਮੀਟਰਕ ਟਨ ਥਾਂ ਦੀ ਉਪਲੱਬਧਤਾ ਇਹ ਯਕੀਨੀ ਬਣਾਏਗੀ ਕਿ ਲੰਬਿਤ ਚੌਲਾਂ ਨੂੰ ਜਲਦੀ ਤੋਂ ਜਲਦੀ ਐਫ.ਸੀ.ਆਈ. ਨੂੰ ਪਹੁੰਚਾਇਆ ਜਾਵੇ। 2025-26 ਸੀਜ਼ਨ ਚੌਲਾਂ ਦੀ ਡਿਲਿਵਰੀ ਨੂੰ ਸਮੇਂ ਸਿਰ ਪੂਰਾ ਕਰਨ ਨਾਲ ਆਉਣ ਵਾਲੇ ਸੀਜ਼ਨ ਲਈ ਚੌਲ ਮਿੱਲਰਾਂ ਨੂੰ ਵੀ ਉਤਸ਼ਾਹ ਮਿਲੇਗਾ । ਪੰਜਾਬ ਕੇਂਦਰ ਦੀ ਇੰਪਰੁਵੇਡ ਰਾਈਸ ਸਬੰਧੀ ਪ੍ਰਮੁੱਖ ਯੋਜਨਾ ਵਿੱਚ ਯੋਗਦਾਨ ਪਾਉਣ ਵਿੱਚ ਮੋਹਰੀ ਰਿਹਾ ਹੈ ਅਤੇ ਪਹਿਲਾਂ ਹੀ ਐਫ.ਸੀ.ਆਈ. ਨੂੰ 11.70 ਲੱਖ ਮੀਟਰਕ ਟਨ ਤੋਂ ਵੱਧ ਇੰਪਰੁਵਡ ਰਾਈਸ ਉਪਲੱਬਧ ਕਰਵਾ ਚੁੱਕਾ ਹੈ।”
ਕੇਂਦਰੀ ਖੁਰਾਕ ਮੰਤਰੀ ਨੂੰ ਆਉਣ ਵਾਲੇ ਖਰੀਫ਼ ਸੀਜ਼ਨ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ, ਸੂਬੇ ਵਿੱਚ ਇਸ ਸਾਲ 180 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਨਾਲ ਇੱਕ ਹੋਰ ਬੰਪਰ ਫਸਲ ਹੋਣ ਦੀ ਉਮੀਦ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਕਿਸਾਨਾਂ ਲਈ ਇੱਕ ਹੋਰ ਨਿਰਵਿਘਨ ਖਰੀਦ ਅਨੁਭਵ ਦੀਆਂ ਤਿਆਰੀਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮੈਂ ਕੇਂਦਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੇਂਦਰ ਦੀਆਂ ਭਲਾਈ ਸਕੀਮਾਂ ਦੇ ਤਹਿਤ ਚੌਲ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਈ 27 ਲੱਖ ਮੀਟਰਿਕ ਟਨ ਕਣਕ ਨੂੰ ਰਾਜ ਤੋਂ ਦੂਜੇ ਖਪਤਕਾਰ ਰਾਜਾਂ ਵਿੱਚ ਤੁਰੰਤ ਚੁੱਕਣਾ ਯਕੀਨੀ ਬਣਾਇਆ ਜਾਵੇ। ਇਹ ਖਰੀਫ ਸੀਜਨ 2026-27 ਦੌਰਾਨ ਆਉਣ ਵਾਲੇ ਝੋਨੇ ਲਈ ਸਰਵੋਤਮ ਸਟੋਰੇਜ ਸਪੇਸ ਨੂੰ ਯਕੀਨੀ ਬਣਾਏਗਾ।”
ਇਸ ਮੌਕੇ ਮੁੱਖ ਸਕੱਤਰ ਕੇਏਪੀ ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਵੀ ਮੌਜੂਦ ਸਨ।



