Punjab News: ਸਕੂਲ ’ਚ ਚੋਰੀ ਕਰਨ ਆਏ ਚੋਰਾਂ ਨੇ ਚੌਕੀਦਾਰ ਕੀਤਾ ਲਹੂ ਲੁਹਾਣ!

Top Trending News ਪੰਜਾਬ

 

Punjab News: ਸਕੂਲ ’ਚ ਚੋਰੀ ਕਰਨ ਆਏ ਚੋਰਾਂ ਨੇ ਚੌਕੀਦਾਰ ਕੀਤਾ ਲਹੂ ਲੁਹਾਣ!

ਪਟਿਆਲਾ, 11 ਅਗਸਤ 2026

ਸਰਹਿੰਦ ਰੋਡ ’ਤੇ ਸਥਿਤ ਇਕ ਸਕੂਲ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਅੱਧੀ ਦਰਜਨ ਦੇ ਕਰੀਬ ਚੋਰਾਂ ਦਾ ਵਿਰੋਧ ਕਰਨਾ ਸਕੂਲ ਦੇ ਚੌਕੀਦਾਰ ਨੂੰ ਮਹਿੰਗਾ ਪੈ ਗਿਆ। ਚੋਰਾਂ ਨੇ ਚੌਕੀਦਾਰ ਅੰਗਦ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਸਿਰ ’ਤੇ ਦਸ ਤੋਂ ਵੱਧ ਟਾਂਕੇ ਲੱਗੇ ਹਨ।

ਜਾਣਕਾਰੀ ਅਨੁਸਾਰ ਇਹ ਘਟਨਾ ਲੰਘੀ ਰਾਤ ਦੀ ਹੈ। ਅੰਗਦ ਸਿੰਘ ਆਪਣੀ ਰਾਤ ਦੀ ਡਿਊਟੀ ਤਹਿਤ ਸਕੂਲ ਵਿੱਚ ਮੌਜੂਦ ਸੀ। ਇਸ ਦੌਰਾਨ ਰਾਤ ਸਮੇਂ 5-6 ਵਿਅਕਤੀ ਕਥਿਤ ਤੌਰ ’ਤੇ ਚੋਰੀ ਕਰਨ ਦੀ ਨੀਅਤ ਨਾਲ ਸਕੂਲ ਦੇ ਅੰਦਰ ਦਾਖਲ ਹੋ ਗਏ। ਚੌਕੀਦਾਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਅਤੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਹਮਲਾਵਰਾਂ ਨੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤੇ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ। ਹਮਲੇ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਚੌਕੀਦਾਰ ਵੱਲੋਂ ਇਸ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।