ਵੱਡੀ ਖ਼ਬਰ: ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Top Trending News ਰਾਸ਼ਟਰੀ

 

ਵੱਡੀ ਖ਼ਬਰ: ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਕੋਲਕਾਤਾ, 11 ਅਗਸਤ 2026

ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਆ ਗਈ। ਇਸ ਦੇ ਨਾਲ ਹੀ ਮੇਦਿਨੀਪੁਰ ਖੇਤਰ ਵਿੱਚ ਪੈ ਰਹੇ ਭਾਰੀ ਮੀਂਹ ਅਤੇ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਕੋਲਾਘਾਟ ਵਿੱਚ ਸੁਰੱਖਿਅਤ ਢੰਗ ਨਾਲ ਉਤਾਰਨਾ ਪਿਆ।

ਮੁੱਖ ਮੰਤਰੀ ਸ਼ਹੀਦ ਆਜ਼ਾਦੀ ਘੁਲਾਟੀਏ ਖੁਦੀਰਾਮ ਬੋਸ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜਨਮ ਸਥਾਨ ਕੇਸ਼ਪੁਰ ਦੇ ਮੋਹਬਾਨੀ ਪਿੰਡ ਵਿੱਚ ਸ਼ਰਧਾਂਜਲੀ ਭੇਟ ਕਰਨ ਲਈ ਕੋਲਕਾਤਾ ਤੋਂ ਰਵਾਨਾ ਹੋਏ ਸਨ। ਮੁੱਖ ਮੰਤਰੀ ਦੇ ਆਗਮਨ ਲਈ ਮੋਹਬਾਨੀ ਪਿੰਡ ਵਿੱਚ ਅਸਥਾਈ ਹੈਲੀਪੈਡ ਤਿਆਰ ਕੀਤਾ ਗਿਆ ਸੀ। ਸੁਰੱਖਿਆ ਪ੍ਰਬੰਧਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਪਾਪੀਆ ਸੁਲਤਾਨਾ ਅਤੇ ਵਿਸ਼ੇਸ਼ ਸੁਰੱਖਿਆ ਦਸਤੇ ਦੇ ਅਧਿਕਾਰੀਆਂ ਵੱਲੋਂ ਹੈਲੀਪੈਡ ਦਾ ਨਿਰੀਖਣ ਵੀ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ, ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਲਕਾਤਾ ਹਵਾਈ ਅੱਡੇ ‘ਤੇ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਸਾਹਮਣੇ ਆ ਗਿਆ ਸੀ। ਕੁਝ ਸਮੇਂ ਦੀ ਜਾਂਚ ਅਤੇ ਮੁਰੰਮਤ ਤੋਂ ਬਾਅਦ ਹੈਲੀਕਾਪਟਰ ਨੇ ਸਵੇਰੇ 11:21 ਵਜੇ ਉਡਾਣ ਭਰੀ। ਪਰ ਕਰੀਬ 12 ਵਜੇ ਰਸਤੇ ਵਿੱਚ ਮੁੜ ਤਕਨੀਕੀ ਖ਼ਰਾਬੀ ਪੈਦਾ ਹੋ ਗਈ। ਇਸ ਦੌਰਾਨ ਮੇਦਿਨੀਪੁਰ ਖੇਤਰ ਵਿੱਚ ਮੌਸਮ ਵੀ ਬੇਹੱਦ ਖ਼ਰਾਬ ਹੋ ਗਿਆ, ਜਿਸ ਕਾਰਨ ਕੇਸ਼ਪੁਰ ਵਿੱਚ ਉਤਰਨਾ ਸੰਭਵ ਨਹੀਂ ਸੀ।

ਸੁਰੱਖਿਆ ਨੂੰ ਤਰਜੀਹ ਦਿੰਦਿਆਂ ਪਾਇਲਟ ਨੇ ਹੈਲੀਕਾਪਟਰ ਨੂੰ ਕੋਲਾਘਾਟ ਹੈਲੀਪੈਡ ‘ਤੇ ਸੁਰੱਖਿਅਤ ਉਤਾਰ ਦਿੱਤਾ। ਇਸ ਤੋਂ ਬਾਅਦ ਤਕਨੀਕੀ ਮਾਹਿਰਾਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀਆਂ ਟੀਮਾਂ ਨੇ ਹੈਲੀਕਾਪਟਰ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਾਹਿਰਾਂ ਵੱਲੋਂ ਪੂਰੀ ਤਰ੍ਹਾਂ ਸੁਰੱਖਿਅਤ ਕਰਾਰ ਦਿੱਤੇ ਜਾਣ ਤੋਂ ਬਾਅਦ ਹੀ ਇਸ ਨੂੰ ਮੁੜ ਉਡਾਣ ਲਈ ਵਰਤਿਆ ਜਾਵੇਗਾ। ਫਿਲਹਾਲ ਖ਼ਰਾਬ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਦੀ ਕੇਸ਼ਪੁਰ ਤੱਕ ਬਾਕੀ ਯਾਤਰਾ ਸੜਕ ਰਾਹੀਂ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ।