Breaking: ਭਰਤੀ ਪ੍ਰੀਖਿਆਵਾਂ ’ਚ ਗੜਬੜੀ ਦੇ ਦੋਸ਼ਾਂ ਵਿਚਕਾਰ 44 Exam ਰੱਦ, ਪੜ੍ਹੋ ਪੂਰੀ ਖ਼ਬਰ
ਰਾਂਚੀ, 19 ਅਗਸਤ 2026
ਵਿਦਿਆਰਥੀ ਅੰਦੋਲਨ ਦਰਮਿਆਨ ਝਾਰਖੰਡ ਦੀ ਹੇਮੰਤ ਸੋਰੇਨ ਸਰਕਾਰ ਨੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਬੀਤੀ ਰਾਤ ਕਰੀਬ 8 ਅਧਿਸੂਚਨਾਵਾਂ ਜਾਰੀ ਕਰਦਿਆਂ ਸਾਲ 2014 ਤੋਂ ਕਰਵਾਈਆਂ ਗਈਆਂ ਲਗਭਗ 44 ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਵਿੱਚ ਝਾਰਖੰਡ ਲੋਕ ਸੇਵਾ ਕਮਿਸ਼ਨ (JPSC) ਅਤੇ ਆਊਟਸੋਰਸ ਏਜੰਸੀ TSR ਡਾਟਾ ਪ੍ਰੋਸੈਸਿੰਗ ਪ੍ਰਾਈਵੇਟ ਲਿਮਟਿਡ (TDPL) ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਸ਼ਾਮਲ ਹਨ। ਸਰਕਾਰ ਵੱਲੋਂ ਰੱਦ ਕੀਤੀਆਂ ਪ੍ਰੀਖਿਆਵਾਂ ਦੀ ਪੂਰੀ ਸੂਚੀ ਅਤੇ ਸਬੰਧਤ ਅਧਿਸੂਚਨਾਵਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਨ੍ਹਾਂ ਵਿੱਚ ਡਰੱਗ ਇੰਸਪੈਕਟਰ, ਅਸਿਸਟੈਂਟ ਪ੍ਰੋਫੈਸਰ, ਡਿਪਟੀ ਕਲੈਕਟਰ, ਡੈਂਟਲ ਡਾਕਟਰ, ਅਸਿਸਟੈਂਟ ਇੰਜੀਨੀਅਰ, ਸਿਵਲ ਜੱਜ, ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਅਤੇ ਫੌਰੈਸਟ ਰੇਂਜ ਅਫਸਰ ਵਰਗੇ ਅਹਿਮ ਅਹੁਦਿਆਂ ਲਈ ਹੋਈਆਂ ਭਰਤੀ ਪ੍ਰੀਖਿਆਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਲੈਕਚਰਾਰ, ਸੀਨੀਅਰ ਸਾਇੰਟਿਫਿਕ ਅਫਸਰ, ਅਸਿਸਟੈਂਟ ਕਨਜ਼ਰਵੇਟਰ ਆਫ ਫੌਰੈਸਟ ਅਤੇ ਹੋਰ ਪ੍ਰਸ਼ਾਸਨਿਕ ਤੇ ਤਕਨੀਕੀ ਅਹੁਦਿਆਂ ਦੀਆਂ ਪ੍ਰੀਖਿਆਵਾਂ ਵੀ ਰੱਦ ਕੀਤੀਆਂ ਗਈਆਂ ਹਨ।
ਸਰਕਾਰ ਵੱਲੋਂ JPSC ਅਤੇ JSSC ਦੀਆਂ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਹਾਈ ਕੋਰਟ ਨੂੰ ਫਾਸਟ-ਟ੍ਰੈਕ ਕੋਰਟ ਬਣਾਉਣ ਦੀ ਅਪੀਲ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਫੈਸਲੇ ਨਾਲ ਭਰਤੀ ਪ੍ਰੀਖਿਆਵਾਂ ਦੀ ਪਾਰਦਰਸ਼ਤਾ ਅਤੇ ਪ੍ਰਕਿਰਿਆ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋਣ ਦੇ ਆਸਾਰ ਹਨ।





