ਚੰਡੀਗੜ੍ਹ ‘ਚ ਪ੍ਰਦਰਸ਼ਨਕਾਰੀਆਂ ਉੱਤੇ ਅੱਥਰੂ ਗੈਸ ਗੋਲੇ ਡਰੋਨ ਰਾਹੀਂ ਸੁੱਟਣ ’ਤੇ ਮਾਨ ਨੇ ਜਤਾਇਆ ਇਤਰਾਜ਼

Top Trending News ਪੰਜਾਬ

 

ਚੰਡੀਗੜ੍ਹ ‘ਚ ਪ੍ਰਦਰਸ਼ਨਕਾਰੀਆਂ ਉੱਤੇ ਅੱਥਰੂ ਗੈਸ ਗੋਲੇ ਡਰੋਨ ਰਾਹੀਂ ਸੁੱਟਣ ’ਤੇ ਮਾਨ ਨੇ ਜਤਾਇਆ ਇਤਰਾਜ਼

ਅੰਮ੍ਰਿਤਸਰ, 19 ਅਗਸਤ 2026

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ 15 ਅਗਸਤ ਨੂੰ ਹੋਏ ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਛੱਡਣ ਲਈ ਡਰੋਨ ਦੀ ਵਰਤੋਂ ਨੂੰ ਲੈ ਕੇ ਸਰਕਾਰ ’ਤੇ ਤਿੱਖੇ ਸਵਾਲ ਉਠਾਏ ਹਨ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਨਿਹੱਥੇ ਪ੍ਰਦਰਸ਼ਨਕਾਰੀਆਂ ਵਿਰੁੱਧ ਅਜਿਹੀ ਕਾਰਵਾਈ ਜਬਰ ਦਾ ਰੂਪ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਕਾਨੂੰਨੀ ਪੱਧਰ ’ਤੇ ਵੀ ਆਵਾਜ਼ ਉਠਾਉਣਗੇ।

ਮਾਨ ਨੇ ਫਤਹਿਗੜ੍ਹ ਸਾਹਿਬ ਦੀ ਘਟਨਾ ਦਾ ਜ਼ਿਕਰ ਕਰਦਿਆਂ ਸਰਕਾਰ ’ਤੇ ਵਾਅਦਾ ਪੂਰਾ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸੰਗਤ ਨਾਲ ਕੀਤੇ ਭਰੋਸੇ ਤੋਂ ਬਾਅਦ ਵੀ ਹਾਲਾਤ ਵਿਗੜੇ ਅਤੇ ਕਥਿਤ ਤੌਰ ’ਤੇ ਲਾਠੀਚਾਰਜ ਤੇ ਗੰਦਾ ਪਾਣੀ ਛੱਡਣ ਵਰਗੀਆਂ ਕਾਰਵਾਈਆਂ ਹੋਈਆਂ।

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕਈ ਸਿੱਖ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਬੰਦੀ ਸਿੰਘਾਂ ਨਾਲ ਮੁਲਾਕਾਤ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨ੍ਹਾਂ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸ਼ਾਂਤਮਈ ਢੰਗ ਨਾਲ ਮੰਗ ਉਠਾਉਣ ਦੀ ਗੱਲ ਕਹੀ।

ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਜਾਂ ਕੌਮ ਵਿਰੁੱਧ ਹਿੰਸਾ ਦੇ ਹਾਮੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧ ਦਾ ਹੱਲ ਲੋਕਤੰਤਰਿਕ ਅਤੇ ਕਾਨੂੰਨੀ ਢੰਗ ਨਾਲ ਹੋਣਾ ਚਾਹੀਦਾ ਹੈ।

ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜਾਬ ਦੇ ਹੱਕਾਂ ਤੇ ਪੰਥਕ ਮੁੱਦਿਆਂ ਨੂੰ ਲੈ ਕੇ ਆਪਣੀ ਮੁਹਿੰਮ ਅੱਗੇ ਵਧਾਏਗੀ।