- ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤਾ ਜੀਜੇ ਦਾ ਕਤਲ
ਮੋਹਾਲੀ, 19 ਅਗਸਤ (ਦੇਸ਼ ਕਿੱਕ ਬਿਊਰੋ): ਮੋਹਾਲੀ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਸਕੇ ਜੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਥਾਣਾ ਸੁਹਾਣਾ ਅਧੀਨ ਪੈਂਦੇ ਸੈਕਟਰ-87 ਵਿੱਚ ਪ੍ਰਾਪਰਟੀ ਡੀਲਰ ਦਾ ਦਫ਼ਤਰ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦਾ ਕਤਲ ਉਸੇ ਦਫ਼ਤਰ ਵਿੱਚ ਕੀਤਾ ਗਿਆ।
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਸਦੇ ਪਤੀ ਦਾ ਕਤਲ ਉਸਦੇ ਭਰਾ ਪ੍ਰਦੀਪ ਸਿੰਘ ਅਤੇ ਉਸਦੇ ਦੋਸਤ ਨੇ ਕੀਤਾ ਹੈ। ਸ਼ਿਕਾਇਤ ਮੁਤਾਬਕ ਪ੍ਰਦੀਪ ਸਿੰਘ ਅਤੇ ਅਮਨਦੀਪ ਸਿੰਘ ਵਿਚਕਾਰ ਰੰਜਿਸ਼ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਆਪਣੇ ਸਾਲੇ ਪ੍ਰਦੀਪ ਸਿੰਘ ਦੇ ਨਾਮ ’ਤੇ ਪ੍ਰਾਪਰਟੀ ਨਹੀਂ ਹੋਣ ਦੇ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਕਾਰ ਵਿਵਾਦ ਸੀ। ਮ੍ਰਿਤਕ ਅਮਨਦੀਪ ਸਿੰਘ ਦੋ ਲੜਕੀਆਂ ਦਾ ਪਿਤਾ ਸੀ।
ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਪੁਲਿਸ ਨੇ ਪ੍ਰਦੀਪ ਸਿੰਘ ਵਾਸੀ ਨਾਨੂ ਮਾਜਰਾ ਅਤੇ ਉਸਦੇ ਇੱਕ ਅਣਪਛਾਤੇ ਦੋਸਤ ਖ਼ਿਲਾਫ਼ ਕਤਲ ਦੀ ਧਾਰਾ 103 ਅਤੇ 3(5) ਬੀਐਨਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਵਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।





