ਬਰਨਾਲਾ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਤਿੰਨ ਲੜਕੀਆਂ ਦੇ ਮਾਮਲੇ ’ਚ ਤਿੰਨ ਵਿਰੁੱਧ ਮਾਮਲੇ ਦਰਜ
ਬਰਨਾਲਾ 20 ਅਗਸਤ 2026
ਬਰਨਾਲਾ ਵਿਖੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਜ਼ਾਹਿਰ ਕਰਨ ਵਾਲੀਆਂ ਤਿੰਨ ਪੀੜਤ ਲੜਕੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਲੜਕੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਮੰਗਾਂ ਸੁਣੀਆਂ।
ਐੱਸ.ਪੀ. (ਡੀ.) ਸੰਜੀਵ ਗੋਇਲ ਨੇ ਦੱਸਿਆ ਕਿ ਮਾਮਲਾ ਐੱਸ.ਐੱਸ.ਪੀ. ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਲੜਕੀਆਂ ਵੱਲੋਂ ਦਿੱਤੇ ਬਿਆਨਾਂ ਅਤੇ ਪਹਿਲਾਂ ਦਿੱਤੀਆਂ ਦਰਖਾਸਤਾਂ ਦੇ ਆਧਾਰ ’ਤੇ ਦਲਵਿੰਦਰ ਸਿੰਘ ਅਤੇ ਇਕਬਾਲ ਸਿੰਘ ਵਾਸੀ ਰਾਏਕੋਟ ਵਿਰੁੱਧ ਐੱਫ.ਆਈ.ਆਰ. ਨੰਬਰ 72 ਅਤੇ 73 ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤੀਜੀ ਲੜਕੀ ਦੀ ਸ਼ਿਕਾਇਤ ’ਤੇ ਬਰਨਾਲਾ ਵਾਸੀ ਪ੍ਰਦੀਪ ਕੁਮਾਰ ਚੌਹਾਨ ਵਿਰੁੱਧ ਐੱਫ.ਆਈ.ਆਰ. ਨੰਬਰ 410 ਦਰਜ ਕੀਤੀ ਗਈ ਹੈ।
ਪੁਲਿਸ ਨੇ ਲੜਕੀਆਂ ਦੀ ਡਾਕਟਰੀ ਜਾਂਚ ਕਰਵਾਉਣ ਅਤੇ ਅਦਾਲਤ ਵਿੱਚ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।





