ਵੱਡੀ ਖ਼ਬਰ: ਖੁੱਲ੍ਹਾ ਖਾਣ ਵਾਲਾ ਤੇਲ ਵੇਚਣ/ਖਰੀਦਣ ‘ਤੇ ਲੱਗੀ ਪਾਬੰਦੀ, ਹੋ ਸਕਦੀ 7 ਸਾਲ ਦੀ ਕੈਦ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 7 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ!
ਮੁੰਬਈ, 21 ਅਗਸਤ 2026-
ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੇ ਕਮਿਸ਼ਨਰ ਤੁਕਾਰਾਮ ਮੁੰਢੇ ਨੇ ਲੋਕਾਂ ਨੂੰ ਖੁੱਲ੍ਹਾ ਜਾਂ ਬਿਨਾਂ ਸੀਲ ਵਾਲਾ ਖਾਣ ਵਾਲਾ ਤੇਲ ਨਾ ਖਰੀਦਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਸਿਹਤ ਲਈ ਅਸੁਰੱਖਿਅਤ ਦੱਸਦਿਆਂ ਕਿਹਾ ਕਿ ਅਜਿਹੇ ਤੇਲ ਵਿੱਚ ਮਿਲਾਵਟ ਜਾਂ ਇਸ ਦੇ ਸਰੋਤ ਬਾਰੇ ਜਾਣਕਾਰੀ ਨਾ ਹੋਣ ਕਾਰਨ ਇਸ ਦੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਮੁੰਢੇ ਨੇ ਕਿਹਾ ਕਿ ਤੇਲ ਦੀ ਮਿਲਾਵਟ, ਅਸੁਰੱਖਿਅਤ ਪੈਕਿੰਗ, ਗਲਤ ਢੰਗ ਨਾਲ ਭੰਡਾਰਨ ਅਤੇ ਢੋਆ-ਢੁਆਈ ਵਰਗੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਕਾਰੋਬਾਰੀਆਂ ਲਈ ਪਾਲਣਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤਹਿਤ ਤੇਲ ਕੱਢਣ ਵਾਲੀਆਂ ਇਕਾਈਆਂ, ਬਲੈਂਡਰ, ਪੈਕਿੰਗ ਯੂਨਿਟਾਂ, ਆਯਾਤਕਾਰਾਂ, ਸੁਪਰਮਾਰਕੀਟਾਂ, ਈ-ਕਾਮਰਸ ਪਲੇਟਫਾਰਮਾਂ ਅਤੇ ਰਿਟੇਲ ਦੁਕਾਨਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਹੁਕਮ ਮੂੰਗਫਲੀ, ਸਰ੍ਹੋਂ, ਸੂਰਜਮੁਖੀ, ਰਾਈਸ ਬ੍ਰੈਨ, ਪਾਮ, ਨਾਰੀਅਲ ਅਤੇ ਮੱਕੀ ਸਮੇਤ ਵੱਖ-ਵੱਖ ਖਾਣ ਵਾਲੇ ਤੇਲਾਂ ’ਤੇ ਲਾਗੂ ਹੋਵੇਗਾ। ਸਰ੍ਹੋਂ ਦਾ ਤੇਲ ਹੁਣ 100 ਫ਼ੀਸਦੀ ਸ਼ੁੱਧ ਰੂਪ ਵਿੱਚ ਹੀ ਵੇਚਣ ਦੀ ਹਦਾਇਤ ਕੀਤੀ ਗਈ ਹੈ। ਪੁਰਾਣੇ, ਜੰਗ ਲੱਗੇ ਜਾਂ ਗੈਰ-ਮਿਆਰੀ ਡੱਬਿਆਂ ਵਿੱਚ ਮੁੜ ਪੈਕਿੰਗ ਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ।
FDA ਕਮਿਸ਼ਨਰ ਨੇ ਖਪਤਕਾਰਾਂ ਨੂੰ ਪੈਕਟਬੰਦ ਤੇਲ ਖਰੀਦਣ ਸਮੇਂ ਲੇਬਲ, ਨਿਰਮਾਣ ਤੇ ਮਿਆਦ ਪੁੱਗਣ ਦੀ ਤਾਰੀਖ ਅਤੇ ਸੀਲ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ, 7 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ।





