ਵੱਡੀ ਖ਼ਬਰ: ਸਾਬਕਾ PM ਇਮਰਾਨ ਖ਼ਾਨ ਨੂੰ ਹਸਪਤਾਲ ਲਿਜਾਣ ਮਗਰੋਂ ਮੁੜ ਜੇਲ੍ਹ ਸੁੱਟਿਆ

Top Trending News ਕੌਮਾਂਤਰੀ

 

ਵੱਡੀ ਖ਼ਬਰ: ਸਾਬਕਾ PM ਇਮਰਾਨ ਖ਼ਾਨ ਨੂੰ ਹਸਪਤਾਲ ਲਿਜਾਣ ਮਗਰੋਂ ਮੁੜ ਜੇਲ੍ਹ ਸੁੱਟਿਆ

ਲਾਹੌਰ, 21 ਅਗਸਤ 2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਰਾਤ ਦੇ ਹਨੇਰੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਤੋਂ ਹਸਪਤਾਲ ਲਿਜਾਇਆ ਗਿਆ।

ਇਸਲਾਮਾਬਾਦ ਸਥਿਤ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਡਾਕਟਰੀ ਜਾਂਚ ਮਗਰੋਂ ਉਨ੍ਹਾਂ ਨੂੰ ਮੁੜ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ।

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਡਾਕਟਰਾਂ ਵੱਲੋਂ ਜਾਂਚ ਕੀਤੇ ਜਾਣ ਮਗਰੋਂ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਅਜਿਹੀ ਕੋਈ ਗੰਭੀਰ ਸਥਿਤੀ ਸਾਹਮਣੇ ਨਹੀਂ ਆਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਰੱਖਣ ਦੀ ਲੋੜ ਪਵੇ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ।

ਪਾਕਿਸਤਾਨੀ ਅਖ਼ਬਾਰ ‘ਡਾਨ’ ਮੁਤਾਬਕ, ਇਮਰਾਨ ਖ਼ਾਨ ਨੂੰ ਪੈਟ੍ਰਸ ਬੋਖਾਰੀ ਰੋਡ ਰਾਹੀਂ ਹਸਪਤਾਲ ਲਿਆਂਦਾ ਗਿਆ ਅਤੇ ਗੇਟ ਨੰਬਰ ਇੱਕ ਤੋਂ ਅੰਦਰ ਦਾਖ਼ਲ ਕਰਵਾਇਆ ਗਿਆ।

ਸਾਬਕਾ PM ਖ਼ਾਨ ਦੀ ਆਮਦ ਦੇ ਮੱਦੇਨਜ਼ਰ ਹਸਪਤਾਲ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸਖ਼ਤ ਸੁਰੱਖਿਆ ਘੇਰੇ ਵਿੱਚ ਰੱਖਿਆ ਗਿਆ। ਨੀਮ-ਫ਼ੌਜੀ ਦਸਤਿਆਂ ਅਤੇ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਰਹੇ।