ਸਪੀਕਰ ਸੰਧਵਾਂ ਨੇ CJP ਵਲੰਟੀਅਰਾਂ ’ਤੇ ਹੋਏ ਹਿੰਸਕ ਹਮਲੇ ’ਤੇ ਰਾਜਸਥਾਨ ਦੇ CM ਤੋਂ ਕੀਤੀ ਫੌਰੀ ਕਾਰਵਾਈ ਦੀ ਮੰਗ

Top Trending News ਪੰਜਾਬ

  • ਸਪੀਕਰ ਸੰਧਵਾਂ ਨੇ CJP ਵਲੰਟੀਅਰਾਂ ’ਤੇ ਹੋਏ ਹਿੰਸਕ ਹਮਲੇ ’ਤੇ ਰਾਜਸਥਾਨ ਦੇ CM ਤੋਂ ਕੀਤੀ ਫੌਰੀ ਕਾਰਵਾਈ ਦੀ ਮੰਗ

ਚੰਡੀਗੜ੍ਹ, 21 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜੈਪੁਰ ਜ਼ਿਲ੍ਹੇ ਦੇ ਰਾਮਪੁਰਾ ਕੰਵਰਪੁਰਾ ਵਿੱਚ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸਹਿ-ਕਨਵੀਨਰ ਆਸ਼ੂਤੋਸ਼ ਰੰਕਾ ਅਤੇ ਉਨ੍ਹਾਂ ਦੇ ਨਾਲ ਆਏ ਵਲੰਟੀਅਰਾਂ ’ਤੇ ਹੋਏ ਕਥਿਤ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਇਸ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰੀ ਸਕੂਲ ਦੇ ਬੁਨਿਆਦੀ ਢਾਂਚੇ ਦਾ ਨਿਰੀਖਣ ਕਰਨ ਲਈ ਜਾ ਰਹੇ ਸੀਜੇਪੀ ਵਲੰਟੀਅਰ ਦੇ ਵਾਹਨਾਂ ਨੂੰ ਰੋਕਿਆ ਗਿਆ ਅਤੇ ਭੰਨਤੋੜ ਕੀਤੀ ਗਈ, ਜਿਸ ਕਾਰਨ ਕਈ ਵਿਅਕਤੀ ਜ਼ਖਮੀ ਵੀ ਹੋ ਗਏ। ਸੀਜੇਪੀ ਆਗੂਆਂ ਨੇ ਜਨਤਕ ਤੌਰ ’ਤੇ ਹੋਈ ਇਸ ਭੰਨਤੋੜ ਦਾ ਕਾਰਨ ਰਾਜਨੀਤਿਕ ਵਿਰੋਧੀਆਂ ਨੂੰ ਦੱਸਿਆ ਹੈ ਅਤੇ ਸਥਾਨਕ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਹਨ।

ਸਪੀਕਰ ਸੰਧਵਾਂ ਨੇ ਇਸ ਮੰਦਭਾਗੀ ਘਟਨਾ ਅਤੇ ਰਾਜਨੀਤਿਕ ਹਿੰਸਾ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਈ ਅਤੇ ਜਨਤਕ ਵਿਵਸਥਾ, ਲੋਕਤੰਤਰੀ ਸ਼ਮੂਲੀਅਤ ਦੇ ਨਾਲ-ਨਾਲ ਜਨਤਕ ਨੁਮਾਇੰਦਿਆਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਉਨ੍ਹਾਂ ਅੱਗੇ ਕਿਹਾ,‘‘ਆਪਸੀ ਅਤੇ ਰਾਜਨੀਤਿਕ ਮਤਭੇਦਾਂ ਨੂੰ ਰਚਨਾਤਮਕ ਗੱਲਬਾਤ ਅਤੇ ਕਾਨੂੰਨੀ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਸਰੀਰਕ ਹਿੰਸਾ ਜਾਂ ਸੰਪਤੀ ਦੀ ਤੋੜਭੰਨ ਲੋਕਤੰਤਰੀ ਸਿਧਾਂਤਾਂ ਨੂੰ ਢਾਅ ਲਾਉਂਦਾ ਹੈ।’’

ਸਪੀਕਰ ਨੇ ਸਬੰਧਤ ਰਾਜ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੱਥਾਂ ਨੂੰ ਸਥਾਪਤ ਕਰਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਯਕੀਨੀ ਬਣਾਉਣ ਲਈ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ।