BREAKING- ਫਾਰਮਾਸਿਊਟੀਕਲ ਯੂਨਿਟ ਦਾ ਰਿਐਕਟਰ ਫਟਿਆ, 2 ਕਰਮਚਾਰੀਆਂ ਦੀ ਮੌਤ; 9 ਜ਼ਖਮੀ
ਯਾਦਾਦਰੀ ਭੁਵਨਗਿਰੀ, 22 ਅਗਸਤ 2026: ਤੇਲੰਗਾਨਾ ਦੇ ਯਾਦਾਦਰੀ ਭੁਵਨਗਿਰੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਯੂਨਿਟ ਵਿੱਚ ਰਿਐਕਟਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਰਿਐਕਟਰ ਧਮਾਕੇ ਤੋਂ ਬਾਅਦ ਯੂਨਿਟ ਵਿੱਚ ਅੱਗ ਲੱਗ ਗਈ, ਜਿਸ ਕਾਰਨ ਦੋ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਨੌਂ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਇਹ ਹਾਦਸਾ ਪੋਚਮਪੱਲੀ ਮੰਡਲ ਸਥਿਤ ਫਾਰਮਾਸਿਊਟੀਕਲ ਯੂਨਿਟ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਸ਼ਿਫਟ ਬਦਲ ਰਹੇ ਸਨ। ਅਚਾਨਕ ਰਿਐਕਟਰ ਫਟਣ ਤੋਂ ਬਾਅਦ ਅੱਗ ਭੜਕ ਉੱਠੀ। ਹਾਦਸੇ ਵਿੱਚ ਦੋ ਕਰਮਚਾਰੀਆਂ ਦੀ ਮੌਤ ਹੋ ਗਈ।
ਨੌਂ ਜ਼ਖਮੀਆਂ ਵਿੱਚੋਂ ਦੋ 50 ਫੀਸਦੀ ਤੋਂ ਵੱਧ ਝੁਲਸੇ ਹਨ, ਜਦਕਿ ਸੱਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਜ਼ਖਮੀਆਂ ਦੀ ਹਾਲਤ ’ਤੇ ਡਾਕਟਰਾਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।





