ਘੱਗਰ ਕੰਢਿਓਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ, ਜਾਂਚ ’ਚ ਜੁਟੀ ਪੁਲਿਸ
ਪੰਚਕੂਲਾ, 22 ਅਗਸਤ 2026: ਪੰਚਕੂਲਾ ਦੇ ਸੈਕਟਰ-21 ਵਿੱਚ ਘੱਗਰ ਨਦੀ ਦੇ ਕੰਢੇ ਤੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨਦੀ ਵਿੱਚ ਕੰਮ ਕਰ ਰਹੇ ਕੁਝ ਲੋਕਾਂ ਨੇ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਕ੍ਰਾਈਮ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁੱਢਲੀ ਜਾਣਕਾਰੀ ਅਨੁਸਾਰ, ਸ਼ੱਕ ਹੈ ਕਿ ਨਵਜੰਮੇ ਬੱਚੇ ਦੀ ਲਾਸ਼ ਪਾਣੀ ਦੇ ਵਹਾਅ ਨਾਲ ਘੱਗਰ ਨਦੀ ਵਿੱਚ ਵਹਿ ਕੇ ਇੱਥੇ ਪਹੁੰਚੀ ਹੋ ਸਕਦੀ ਹੈ। ਹਾਲਾਂਕਿ, ਬੱਚੇ ਨੂੰ ਨਦੀ ਵਿੱਚ ਕਿਸ ਹਾਲਾਤ ਵਿੱਚ ਸੁੱਟਿਆ ਗਿਆ ਅਤੇ ਇਸ ਪਿੱਛੇ ਕੀ ਕਾਰਨ ਸੀ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ।
ਬੱਚੇ ਦੀ ਉਮਰ ਅਤੇ ਪਛਾਣ ਸਬੰਧੀ ਵੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਨਦੀ ਵਿੱਚ ਸੁੱਟੇ ਜਾਣ ਦਾ ਸ਼ੱਕ ਹੈ।
ਬੱਚੇ ਦੀ ਨਾਭੀਨਾਲ ਨਾਲ ਹਸਪਤਾਲ ਦਾ ਟੈਗ ਵੀ ਲੱਗਿਆ ਹੋਇਆ ਮਿਲਿਆ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਬੱਚੇ ਦੀ ਪਛਾਣ ਅਤੇ ਉਸ ਦੇ ਪਰਿਵਾਰ ਤੱਕ ਪਹੁੰਚਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।





