ਪੁਲਵਾਮਾ ਹਮਲਾ ਮਾਮਲਾ: ਵਿਸ਼ੇਸ਼ NIA ਅਦਾਲਤ ਨੇ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਸ੍ਰੀਨਗਰ, 22 ਅਗਸਤ 2026: 2019 ਦੇ ਪੁਲਵਾਮਾ ਖ਼ੁਦਕੁਸ਼ੀ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਇੰਸ਼ਾ ਜਾਨ ਉਰਫ਼ ਇੰਸ਼ਾ ਤਾਰੀਕ ਦੀ ਜ਼ਮਾਨਤ ਅਰਜ਼ੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਹਮਲੇ ਵਿੱਚ 40 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋਏ ਸਨ।
ਵਿਸ਼ੇਸ਼ ਜੁਡੀਸ਼ੀਅਲ ਅਧਿਕਾਰੀ ਪ੍ਰੇਮ ਸਾਗਰ ਨੇ 15 ਸਫ਼ਿਆਂ ਦੇ ਹੁਕਮ ਵਿੱਚ ਕਿਹਾ ਕਿ ਰਿਕਾਰਡ ’ਤੇ ਅਜਿਹੀ ਸਮੱਗਰੀ ਮੌਜੂਦ ਹੈ, ਜਿਸ ਦੇ ਆਧਾਰ ’ਤੇ ਇੰਸ਼ਾ ਜਾਨ ਵਿਰੁੱਧ ਲੱਗੇ ਦੋਸ਼ਾਂ ਨੂੰ ਪਹਿਲੀ ਨਜ਼ਰ ਵਿੱਚ ਸੱਚ ਮੰਨਣ ਲਈ ਆਧਾਰ ਬਣਦਾ ਹੈ। ਅਦਾਲਤ ਨੇ ਯੂ.ਏ.ਪੀ.ਏ. ਦੀ ਧਾਰਾ 43-ਡੀ(5) ਤਹਿਤ ਜ਼ਮਾਨਤ ’ਤੇ ਲਾਗੂ ਕਾਨੂੰਨੀ ਪਾਬੰਦੀਆਂ ਦਾ ਵੀ ਹਵਾਲਾ ਦਿੱਤਾ।
ਐੱਨ.ਆਈ.ਏ. ਦੀ ਚਾਰਜਸ਼ੀਟ ਮੁਤਾਬਕ ਇੰਸ਼ਾ ਜਾਨ ’ਤੇ ਅਤਿਵਾਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨੀ ਅਤਿਵਾਦੀ ਮੁਹੰਮਦ ਉਮਰ ਫਾਰੂਕ ਨਾਲ ਸੰਪਰਕ ਵਿੱਚ ਰਹਿਣ ਦੇ ਦੋਸ਼ ਹਨ। ਉਸ ’ਤੇ ਅਤਿਵਾਦੀਆਂ ਨੂੰ ਭੋਜਨ, ਪਨਾਹ ਅਤੇ ਹੋਰ ਲੌਜਿਸਟਿਕ ਸਹਾਇਤਾ ਦੇਣ ਦੇ ਵੀ ਦੋਸ਼ ਲਗਾਏ ਗਏ ਹਨ।
ਬਚਾਅ ਪੱਖ ਨੇ ਲੰਬੀ ਕੈਦ, ਮੁਕੱਦਮੇ ਵਿੱਚ ਦੇਰੀ ਅਤੇ ਸਿਹਤ ਸਮੱਸਿਆਵਾਂ ਨੂੰ ਜ਼ਮਾਨਤ ਦਾ ਆਧਾਰ ਬਣਾਇਆ ਸੀ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਮੌਜੂਦਾ ਪੜਾਅ ’ਤੇ ਦੇਰੀ ਇਕੱਲੀ ਜ਼ਮਾਨਤ ਦੇਣ ਲਈ ਕਾਫ਼ੀ ਨਹੀਂ ਹੈ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਇੰਸ਼ਾ ਜਾਨ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ।





