Punjab News: ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ, ਬਜ਼ੁਰਗ ਦੀ ਮੌਤ; ਤਿੰਨ ਜ਼ਖਮੀ

Top Trending News ਪੰਜਾਬ

 

Punjab News: ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ, ਬਜ਼ੁਰਗ ਦੀ ਮੌਤ; ਤਿੰਨ ਜ਼ਖਮੀ

ਕਪੂਰਥਲਾ, 23 ਅਗਸਤ 2026: ਨਡਾਲਾ-ਬੇਗੋਵਾਲ ਸੜਕ ’ਤੇ ਤਲਵੰਡੀ ਕੂਕਾ ਅੱਡੇ ਨੇੜੇ ਅੱਜ ਸ਼ਾਮ ਕਰੀਬ 3:30 ਵਜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ 65 ਸਾਲਾ ਜਰਨੈਲ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਤਲਵੰਡੀ ਕੂਕਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਜਰਨੈਲ ਸਿੰਘ ਆਪਣੀ ਬੇਟੀ ਅਮਨਪ੍ਰੀਤ ਕੌਰ ਨਾਲ ਮੋਟਰਸਾਈਕਲ ’ਤੇ ਨਡਾਲਾ ਵੱਲ ਜਾ ਰਹੇ ਸਨ। ਇਸੇ ਦੌਰਾਨ ਨਡਾਲਾ ਵੱਲੋਂ ਆ ਰਹੇ ਦੂਜੇ ਮੋਟਰਸਾਈਕਲ ’ਤੇ ਸਵਾਰ ਸਲੇਮਪੁਰ, ਹੁਸ਼ਿਆਰਪੁਰ ਵਾਸੀ ਦੋ ਨੌਜਵਾਨਾਂ ਸੋਮਾ ਅਤੇ ਵੰਸ਼ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਦਸੇ ਵਿੱਚ ਅਮਨਪ੍ਰੀਤ ਕੌਰ ਸਮੇਤ ਦੂਜੇ ਮੋਟਰਸਾਈਕਲ ’ਤੇ ਸਵਾਰ ਦੋਵੇਂ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰਿਵਾਰ ਨੇ ਦੂਜੇ ਮੋਟਰਸਾਈਕਲ ਸਵਾਰਾਂ ’ਤੇ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਦੋਸ਼ ਲਗਾਇਆ ਹੈ, ਜਿਸ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ।

ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।