ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ

Top Trending News ਪੰਜਾਬ

 

ਸੜਕ ਦੀ ਵੀਡੀਓ ’ਤੇ ਸਿਆਸੀ ਘਮਾਸਾਨ! ਹਰਭਜਨ ਈਟੀਓ ਨੇ ਮਜੀਠੀਆ ਤੇ ਹਰਸਿਮਰਤ ਨੂੰ ਦਿੱਤਾ ਖੁੱਲ੍ਹਾ ਚੈਲੰਜ

ਚੰਡੀਗੜ੍ਹ, 23 ਅਗਸਤ 2026: ਬਠਿੰਡਾ ਜ਼ਿਲ੍ਹੇ ਵਿੱਚ ਸੜਕ ਦੀ ਉਸਾਰੀ ਨਾਲ ਸਬੰਧਤ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਸੜਕ ਦੀ ਗੁਣਵੱਤਾ ਸਬੰਧੀ ਖੁੱਲ੍ਹਾ ਚੈਲੰਜ ਦਿੱਤਾ ਹੈ।

ਈਟੀਓ ਨੇ ਦੋਸ਼ ਲਾਇਆ ਕਿ ਅਧੂਰੇ ਸੜਕ ਨਿਰਮਾਣ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਕੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਕੋਟਫੱਤਾ ਤੋਂ ਰਾਮਗੜ੍ਹ ਭੂੰਦੜ ਤੱਕ ਸੜਕ ’ਤੇ ਨਵਾਂ ਪੇਵਰ ਕੋਰਸ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਵੀਡੀਓ ਉਸਾਰੀ ਮੁਕੰਮਲ ਹੋਣ ਤੋਂ ਪਹਿਲਾਂ ਬਣਾਈ ਗਈ।

ਮੰਤਰੀ ਨੇ ਮਜੀਠੀਆ ਅਤੇ ਹਰਸਿਮਰਤ ਬਾਦਲ ਨੂੰ ਮੌਕੇ ’ਤੇ ਪਹੁੰਚ ਕੇ ਸੜਕ ਦੀ ਜਾਂਚ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੜਕ ਨੂੰ ਆਪਣੇ ਹੱਥਾਂ ਨਾਲ ਉਖਾੜ ਸਕਦੇ ਹਨ ਤਾਂ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਸੜਕ ਹੱਥਾਂ ਨਾਲ ਨਾ ਉੱਖੜੀ ਤਾਂ ਦੋਵੇਂ ਆਗੂ ਲੋਕਾਂ ਸਾਹਮਣੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਈਟੀਓ ਨੇ ਕਿਹਾ ਕਿ ਸਰਕਾਰ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।