ਸਕੂਲ ਦੀਆਂ ਵਿਦਿਆਰਥਣਾਂ ਨੂੰ ਡੈਮ ’ਤੇ ਲੈ ਗਿਆ ਪ੍ਰਿੰਸੀਪਲ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ

Top Trending News ਰਾਸ਼ਟਰੀ

  • ਸਕੂਲ ਦੀਆਂ ਵਿਦਿਆਰਥਣਾਂ ਨੂੰ ਡੈਮ ’ਤੇ ਲੈ ਗਿਆ ਪ੍ਰਿੰਸੀਪਲ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ

ਅਲਵਰ, 23 ਅਗਸਤ (ਦੇਸ਼ ਕਲਿੱਕ ਬਿਊਰੋ): ਅਲਵਰ ਤੋਂ ਸਕੂਲ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਨਾਗਾਜੀ ਇਲਾਕੇ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥਣਾਂ ਨਾਲ ਡੈਮ ਦੇ ਪਾਣੀ ਵਿੱਚ ਨਹਾਉਣ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 15 ਅਗਸਤ ਨੂੰ ਸਕੂਲ ਵਿੱਚ ਆਜ਼ਾਦੀ ਦਿਵਸ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਤੋਂ ਬਾਅਦ ਵਿਦਿਆਰਥੀਆਂ ਨੂੰ ਘੁੰਮਣ-ਫਿਰਨ ਅਤੇ ਤੈਰਾਕੀ ਸਿਖਾਉਣ ਦੇ ਮਕਸਦ ਨਾਲ ਸਕੂਲ ਤੋਂ ਕਰੀਬ ਦੋ ਕਿਲੋਮੀਟਰ ਦੂਰ ਭੜਾਜ ਡੈਮ ਲਿਜਾਇਆ ਗਿਆ। ਇੱਥੇ ਲਗਭਗ 20 ਤੋਂ 25 ਵਿਦਿਆਰਥਣਾਂ ਦੇ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਪ੍ਰਿੰਸੀਪਲ ਦਾ ਵਿਦਿਆਰਥਣਾਂ ਦੇ ਨਾਲ ਡੈਮ ਦੇ ਪਾਣੀ ਵਿੱਚ ਬਿਨਾਂ ਕੱਪੜਿਆਂ ਦੇ ਨਹਾਉਂਦੇ ਹੋਣ ਦਾ ਕਥਿਤ ਵੀਡੀਓ ਸਾਹਮਣੇ ਆਇਆ, ਜਿਸ ਤੋਂ ਬਾਅਦ ਪਿੰਡ ਵਿੱਚ ਰੋਸ ਪੈਦਾ ਹੋ ਗਿਆ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪੁਲਿਸ ਅਤੇ ਸਿੱਖਿਆ ਵਿਭਾਗ ਨੇ ਮਾਮਲੇ ਦਾ ਨੋਟਿਸ ਲਿਆ।

ਸਥਾਨਕ ਲੋਕਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਡੈਮ ’ਤੇ ਲਿਜਾਣ ਸਮੇਂ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ। ਕਥਿਤ ਤੌਰ ’ਤੇ ਬੱਚਿਆਂ ਲਈ ਲਾਈਫ ਜੈਕਟਾਂ ਦਾ ਵੀ ਪ੍ਰਬੰਧ ਨਹੀਂ ਸੀ। ਇਲਾਕਾ ਵਾਸੀਆਂ ਮੁਤਾਬਕ ਡੈਮ ਵਿੱਚ ਪਹਿਲਾਂ ਵੀ ਡੁੱਬਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇੱਥੇ ਜਾਣ ’ਤੇ ਪਾਬੰਦੀ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਨੇ ਪ੍ਰਿੰਸੀਪਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਦੇ ਨਾਲ ਡੈਮ ਵਿੱਚ ਨਹਾਉਣ ਵਾਲਾ ਕਥਿਤ ਇਤਰਾਜ਼ਯੋਗ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਪਹਿਲੀ ਨਜ਼ਰ ਵਿੱਚ ਪ੍ਰਿੰਸੀਪਲ ਦੇ ਨੈਤਿਕ ਆਚਰਣ ਨਾਲ ਸਬੰਧਤ ਨਿਯਮਾਂ ਦੇ ਉਲਟ ਮੰਨਿਆ ਗਿਆ ਹੈ। ਮੁਅੱਤਲੀ ਦੌਰਾਨ ਪ੍ਰਿੰਸੀਪਲ ਦਾ ਮੁੱਖ ਦਫ਼ਤਰ ਬੀਕਾਨੇਰ ਨਿਰਧਾਰਤ ਕੀਤਾ ਗਿਆ ਹੈ।

ਥਾਨਾਗਾਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪ੍ਰਿੰਸੀਪਲ ਦੇ ਬਿਆਨ ਦਰਜ ਕੀਤੇ ਗਏ ਹਨ। ਫਿਲਹਾਲ ਕਿਸੇ ਵਿਦਿਆਰਥੀ, ਵਿਦਿਆਰਥਣ ਜਾਂ ਮਾਪੇ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਹਾਲਾਂਕਿ ਪੁਲਿਸ ਵਾਇਰਲ ਵੀਡੀਓ ਅਤੇ ਪੂਰੇ ਘਟਨਾਕ੍ਰਮ ਦੀਆਂ ਸਥਿਤੀਆਂ ਦੀ ਜਾਂਚ ਕਰ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਵੀ ਵਿਦਿਆਰਥਣਾਂ, ਪ੍ਰਿੰਸੀਪਲ ਅਤੇ ਮਾਪਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲੇ ਵਿੱਚ ਹੋਰ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।