ਲੋਕਾਂ ਦੀ ਆਸਥਾ ਦਾ ਅਪਮਾਨ ਨਾ ਕਰੋ! ਨੀਲ ਗਰਗ ਨੇ ਡਾ. ਧਰਮਵੀਰ ਗਾਂਧੀ ਨੂੰ ਘੇਰਿਆ

Top Trending News ਚੰਡੀਗੜ੍ਹ ਰਾਸ਼ਟਰੀ

 

ਲੋਕਾਂ ਦੀ ਆਸਥਾ ਦਾ ਅਪਮਾਨ ਨਾ ਕਰੋ! ਨੀਲ ਗਰਗ ਨੇ ਡਾ. ਧਰਮਵੀਰ ਗਾਂਧੀ ਨੂੰ ਘੇਰਿਆ

ਚੰਡੀਗੜ੍ਹ, 24 ਅਗਸਤ 2026- ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ਤੇ ਕੀਤੇ ਸਵਾਲਾਂ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਗਰਗ ਨੇ ਕਿਹਾ ਕਿ ਸਰਕਾਰੀ ਖਰਚ ਹੋਣ ਵਾਲਾ ਪੈਸਾ ਕਿਸੇ ਇਕ ਪਰਿਵਾਰ ਦਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਟੈਕਸ ਹੈ ਅਤੇ ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚ ਕੀਤਾ ਜਾ ਰਿਹਾ ਹੈ।

ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਹਰ ਧਰਮ ਅਤੇ ਆਸਥਾ ਦਾ ਸਤਿਕਾਰ ਕਰਨਾ ਸਾਂਝੀ ਰਵਾਇਤ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਗਮਾਂ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਵਰਿੰਦਾਵਨ, ਮਥੁਰਾ ਅਤੇ ਹੋਰ ਧਾਰਮਿਕ ਸਥਾਨਾਂ ਨਾਲ ਜੁੜੇ ਸਮਾਗਮਾਂ ਤੱਕ ਹਰ ਆਸਥਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਵਰਗੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਸ੍ਰੀ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਵਿਰਾਸਤ ਨਾਲ ਜੋੜਨ ਦਾ ਮੌਕਾ ਹਨ। ਗਰਗ ਨੇ ਕਿਹਾ ਕਿ ਸਰਕਾਰੀ ਖਰਚੇ ’ਤੇ ਸਵਾਲ ਉਠਾਉਣਾ ਜਾਇਜ਼ ਹੈ, ਪਰ ਲੋਕਾਂ ਦੀ ਆਸਥਾ ਨੂੰ ‘ਮੁਫ਼ਤਖੋਰੀ’ ਜਾਂ ‘ਅਡੰਬਰ’ ਕਹਿ ਕੇ ਉਸਦਾ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ।

ਉਨ੍ਹਾਂ ਕਾਂਗਰਸ ਤੋਂ ਪੁੱਛਿਆ ਕਿ ਜੇ ਪਾਰਟੀ ਡਾ. ਗਾਂਧੀ ਦੇ ਬਿਆਨ ਨਾਲ ਸਹਿਮਤ ਹੈ ਤਾਂ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗੇ ਅਤੇ ਜੇ ਸਹਿਮਤ ਨਹੀਂ ਤਾਂ ਦੱਸੇ ਕਿ ਉਨ੍ਹਾਂ ਦੇ ਬਿਆਨ ’ਤੇ ਕੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡਾ. ਧਰਮਵੀਰ ਗਾਂਧੀ ਨੇ ਤੀਰਥ ਯਾਤਰਾ ਯੋਜਨਾ ਦੀ ਥਾਂ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਖੇਤਰਾਂ ’ਤੇ ਵੱਧ ਧਿਆਨ ਦੇਣ ਦੀ ਵਕਾਲਤ ਕੀਤੀ ਸੀ।