ਜਲ ਸ਼ੁੱਧੀਕਰਨ ਪਲਾਂਟ ’ਚ ਕਲੋਰੀਨ ਗੈਸ ਲੀਕ, 52 ਲੋਕ ਹਸਪਤਾਲ ਦਾਖ਼ਲ
ਨਾਗਪੁਰ (ਮਹਾਰਾਸ਼ਟਰ), 24 ਅਗਸਤ: ਨਾਗਪੁਰ ਦੇ ਗੋਧਨੀ ਖੇਤਰ ਵਿੱਚ ਮਹਾਰਾਸ਼ਟਰ ਜੀਵਨ ਪ੍ਰਾਧਿਕਰਨ ਨਾਲ ਸਬੰਧਤ ਇੱਕ ਜਲ ਸ਼ੁੱਧੀਕਰਨ ਪਲਾਂਟ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਗੈਸ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 52 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 12 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਪੁਲਿਸ ਅਧਿਕਾਰੀ ਅਨੁਸਾਰ ਗੈਸ ਲੀਕ ਹੋਣ ਦੀ ਸੂਚਨਾ ਰਾਤ ਕਰੀਬ 12:45 ਵਜੇ ਮਿਲੀ। ਸੂਚਨਾ ਮਿਲਦੇ ਹੀ ਪੁਲਿਸ, ਐਮਰਜੈਂਸੀ ਸੇਵਾਵਾਂ, ਐਸਡੀਆਰਐਫ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਸੁਰੱਖਿਆ ਦੇ ਮੱਦੇਨਜ਼ਰ ਪਲਾਂਟ ਦੇ ਆਲੇ-ਦੁਆਲੇ 200 ਮੀਟਰ ਦਾ ਇਲਾਕਾ ਖਾਲੀ ਕਰਵਾ ਕੇ ਨੋ-ਮੈਨਜ਼-ਲੈਂਡ ਘੋਸ਼ਿਤ ਕਰ ਦਿੱਤਾ ਗਿਆ ਅਤੇ ਬੈਰੀਕੇਡ ਲਗਾਏ ਗਏ।
ਚਸ਼ਮਦੀਦ ਨੀਰਜ ਪਾਂਡੇ ਨੇ ਦੱਸਿਆ ਕਿ ਗੈਸ ਲੀਕ ਤੋਂ ਬਾਅਦ ਤੇਜ਼ ਬਦਬੂ ਅਤੇ ਧੂੰਏਂ ਵਰਗੀ ਧੁੰਦ ਫੈਲ ਗਈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਪੁਲਿਸ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਘਟਨਾ ਦੌਰਾਨ ਕੁਝ ਸਮੇਂ ਲਈ ਭਗਦੜ ਵਰਗੀ ਸਥਿਤੀ ਬਣੀ, ਪਰ ਪੁਲਿਸ ਅਤੇ ਬਚਾਅ ਟੀਮਾਂ ਨੇ ਸਥਿਤੀ ’ਤੇ ਕਾਬੂ ਪਾ ਲਿਆ।





