ਜਾਅਲੀ ਇਨਪੁਟ ਟੈਕਸ ਕ੍ਰੈਡਿਟ ਮਾਮਲੇ ’ਚ ED ਵੱਲੋਂ 9 ਥਾਵਾਂ ‘ਤੇ ਛਾਪੇਮਾਰੀ
ਨਵੀਂ ਦਿੱਲੀ, 24 ਅਗਸਤ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਤਿਆਰ ਕਰਨ ਅਤੇ ਉਸ ਨੂੰ ਅੱਗੇ ਪਾਸ ਕਰਨ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ ਮੁਜ਼ੱਫਰਨਗਰ, ਗਾਜ਼ੀਆਬਾਦ ਅਤੇ ਫ਼ਰੀਦਾਬਾਦ ਵਿੱਚ ਕੁੱਲ ਨੌਂ ਥਾਵਾਂ ’ਤੇ ਛਾਪੇਮਾਰੀ ਕੀਤੀ।
ਅਧਿਕਾਰੀਆਂ ਮੁਤਾਬਕ, ਈਡੀ ਦੇ ਲਖਨਊ ਜ਼ੋਨਲ ਦਫ਼ਤਰ ਵੱਲੋਂ ਇਹ ਕਾਰਵਾਈ ਜੰਬੁਦਵਿਪ ਐਕਸਪੋਰਟਸ ਐਂਡ ਇੰਪੋਰਟਸ ਲਿਮਟਿਡ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਗਈ। ਛਾਪੇਮਾਰੀ ਤੜਕੇ ਸ਼ੁਰੂ ਕੀਤੀ ਗਈ ਅਤੇ ਜਾਂਚ ਨਾਲ ਜੁੜੇ ਕਈ ਟਿਕਾਣਿਆਂ ਨੂੰ ਕਵਰ ਕੀਤਾ ਗਿਆ।
ਜਾਂਚ ਏਜੰਸੀ ਨੂੰ ਕਥਿਤ ਤੌਰ ’ਤੇ ਸ਼ੱਕ ਹੈ ਕਿ ਸੰਬੰਧਤ ਸੰਸਥਾ ਵੱਲੋਂ ਮਾਲ ਦੀ ਅਸਲ ਆਵਾਜਾਈ ਕੀਤੇ ਬਿਨਾਂ ਜਾਅਲੀ ਇਨਵੌਇਸ ਅਤੇ ਈ-ਵੇਅ ਬਿੱਲ ਤਿਆਰ ਕਰਕੇ ਜਾਅਲੀ ਆਈਟੀਸੀ ਪੈਦਾ ਕੀਤੀ ਗਈ ਅਤੇ ਉਸ ਨੂੰ ਅੱਗੇ ਪਾਸ ਕੀਤਾ ਗਿਆ। ਈਡੀ ਇਸ ਪੂਰੇ ਮਾਮਲੇ ਵਿੱਚ ਵਿੱਤੀ ਲੈਣ-ਦੇਣ ਅਤੇ ਕਥਿਤ ਧੋਖਾਧੜੀ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦਾ ਮਕਸਦ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਸਬੂਤਾਂ ਦੀ ਜਾਂਚ ਕਰਨਾ ਹੈ। ਮਾਮਲੇ ਵਿੱਚ ਜਾਂਚ ਜਾਰੀ ਹੈ।





