- ਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ, 95 ਮੌਤਾਂ; 133 ਭਾਰਤੀ ਵੀ ਲਾਪਤਾ
ਤਿੱਬਤ, 26 ਅਗਸਤ (ਦੇਸ਼ ਕਲਿੱਕ ਬਿਊਰੋ): ਨੇਪਾਲ-ਤਿੱਬਤ ਸਰਹੱਦ ਨੇੜੇ ਬੁੱਧਵਾਰ ਸਵੇਰੇ ਆਏ ਅਚਾਨਕ ਹੜ੍ਹ ਨੇ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਸਵੇਰੇ ਕਰੀਬ 9 ਵਜੇ ਤਿੱਬਤ ਵੱਲੋਂ ਭੋਟੇਕੋਸ਼ੀ ਨਦੀ ਵਿੱਚ ਅਚਾਨਕ ਤੇਜ਼ ਪਾਣੀ ਦਾ ਵਹਾਅ ਆਇਆ, ਜਿਸ ਦੀ ਲਪੇਟ ਵਿੱਚ ਕਈ ਇਲਾਕੇ ਆ ਗਏ। ਨੇਪਾਲ ਪੁਲਿਸ ਮੁਤਾਬਕ ਇਸ ਹੜ੍ਹ ਕਾਰਨ ਹੁਣ ਤੱਕ 95 ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਲਾਪਤਾ ਹਨ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਅਨੁਸਾਰ 500 ਤੋਂ ਵੱਧ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਇਨ੍ਹਾਂ ਵਿੱਚ 133 ਭਾਰਤੀ ਨਾਗਰਿਕਾਂ ਸਮੇਤ 300 ਤੋਂ ਵੱਧ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਹੜ੍ਹ ਦੇ ਤੇਜ਼ ਵਹਾਅ ਕਾਰਨ ਕਈ ਪੁਲ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕੁਝ ਇਲਾਕਿਆਂ ਵਿੱਚ ਬਿਜਲੀ ਪ੍ਰੋਜੈਕਟਾਂ ਅਤੇ ਸੜਕਾਂ ਦੇ ਵੀ ਨੁਕਸਾਨੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸੇ ਦੌਰਾਨ ਨੇਪਾਲੀ ਅਧਿਕਾਰੀਆਂ ਨੇ ਮੁੜ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਜਿਸ ਗਲੇਸ਼ੀਅਲ ਝੀਲ ਦੇ ਫਟਣ ਨਾਲ ਅਚਾਨਕ ਹੜ੍ਹ ਆਇਆ ਸੀ, ਉੱਥੇ ਅਜੇ ਵੀ ਕਰੀਬ 7 ਮੀਟਰ ਉੱਚਾ ਪਾਣੀ ਦਾ ਜਮਾਅ ਮੌਜੂਦ ਹੈ। ਜੇਕਰ ਇਹ ਰੁਕਾਵਟ ਟੁੱਟਦੀ ਹੈ ਤਾਂ ਹੇਠਲੇ ਇਲਾਕਿਆਂ ਵਿੱਚ ਇੱਕ ਹੋਰ ਵੱਡਾ ਹੜ੍ਹ ਆ ਸਕਦਾ ਹੈ।
ਫਿਲਹਾਲ ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹਨ।





