ਸਾਬਕਾ ਮੇਅਰ ਜੀਤੀ ਸਿੱਧੂ ਅਤੇ ਯੂਥ ਕਾਂਗਰਸੀ ਆਗੂ ਰੂਬੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਕਾਂਗਰਸ ’ਚ ਸ਼ਾਮਲ

Top Trending News ਪੰਜਾਬ

  • ਸਾਬਕਾ ਮੇਅਰ ਜੀਤੀ ਸਿੱਧੂ ਅਤੇ ਯੂਥ ਕਾਂਗਰਸੀ ਆਗੂ ਰੂਬੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਕਾਂਗਰਸ ’ਚ ਸ਼ਾਮਲ

ਮੋਹਾਲੀ, 3 ਸਤੰਬਰ (ਦੇਸ਼ ਕਲਿੱਕ ਬਿਊਰੋ): ਪਿੰਡ ਸੰਭਾਲਕੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਮੇਅਰ ਮੋਹਾਲੀ ਸ. ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਯੂਥ ਕਾਂਗਰਸੀ ਆਗੂ ਸ. ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਨੌਜਵਾਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਅਤੇ ਮਜ਼ਬੂਤ ਸੰਗਠਨ ਪ੍ਰਤੀ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਇਸ ਮੌਕੇ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਪੰਜਾਬ ਦਾ ਨੌਜਵਾਨ ਰੁਜ਼ਗਾਰ, ਚੰਗੀ ਸਿੱਖਿਆ, ਖੇਡਾਂ ਦੇ ਮੌਕੇ ਅਤੇ ਨਸ਼ਿਆਂ ਤੋਂ ਮੁਕਤ ਭਵਿੱਖ ਚਾਹੁੰਦਾ ਹੈ ਅਤੇ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਂਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਕਾਂਗਰਸ ਪ੍ਰਤੀ ਲਗਾਤਾਰ ਵੱਧ ਰਿਹਾ ਉਤਸ਼ਾਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਅਧਾਰ ਬਣੇਗਾ। ਪਿੰਡਾਂ ਵਿੱਚੋਂ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਕਾਂਗਰਸ ਨਾਲ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਸੂਬੇ ਵਿੱਚ ਇੱਕ ਮਜ਼ਬੂਤ, ਜਵਾਬਦੇਹ ਅਤੇ ਲੋਕ ਹਿੱਤਾਂ ਨੂੰ ਸਮਰਪਿਤ ਸਰਕਾਰ ਚਾਹੁੰਦੇ ਹਨ।

ਇਸ ਮੌਕੇ ਰੂਬੀ ਸਿੱਧੂ ਨੇ ਨਸ਼ਿਆਂ ਦੇ ਗੰਭੀਰ ਮੁੱਦੇ ’ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਧਰਤੀ ’ਤੇ ਨਸ਼ਾ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਨਸ਼ਿਆਂ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁੱਝ ਰਿਹਾ ਹੈ ਅਤੇ ਮਾਪੇ ਆਪਣੇ ਜਵਾਨ ਪੁੱਤਰਾਂ ਨੂੰ ਗੁਆਉਣ ਦੇ ਡਰ ਵਿੱਚ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਲੋਕਾਂ ਵਿੱਚ ਗੰਭੀਰ ਚਿੰਤਾ ਹੈ ਅਤੇ ਸਰਕਾਰ ਨੂੰ ਸਿਰਫ਼ ਦਾਅਵੇ ਕਰਨ ਦੀ ਬਜਾਏ ਨਸ਼ੇ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਰੂਬੀ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਨਵੇਂ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਅਤੇ ਲੋਕਤਾਂਤਰਿਕ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਪੱਧਰ ’ਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਦਾ ਸੰਗਠਨ ਸਿਰਫ਼ ਆਗੂਆਂ ਨਾਲ ਨਹੀਂ, ਸਗੋਂ ਮਿਹਨਤੀ ਵਰਕਰਾਂ ਅਤੇ ਨੌਜਵਾਨਾਂ ਦੀ ਤਾਕਤ ਨਾਲ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਵਰਗ ਨੂੰ ਨਾਲ ਜੋੜ ਕੇ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ।

ਅੰਤ ਵਿੱਚ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਇਹ ਸ਼ਮੂਲੀਅਤ ਕਾਂਗਰਸ ਦੀ ਅਗਲੀ ਸਿਆਸੀ ਯਾਤਰਾ ਨੂੰ ਹੋਰ ਮਜ਼ਬੂਤੀ ਦੇਣ ਵਾਲਾ ਕਦਮ ਹੈ।

ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਹਲਕਾ ਮੋਹਾਲੀ ਸ਼੍ਰੀ ਮੁਕੁਲ ਸ਼ਰਮਾ ਜੀ ਵੀ ਹਾਜ਼ਰ ਸਨ।

ਕਾਂਗਰਸ ਵਿੱਚ ਸ਼ਾਮਲ ਹੋਏ ਨੌਜਵਾਨਾਂ ਵਿੱਚ ਅੰਸ਼ੁਲ ਪਲਵਾਨ, ਗੁਰਸੇਵਕ ਸਿੰਘ, ਯਸ਼ਪਾਲ, ਸੰਦੀਪ ਸਿੰਘ, ਮੰਗਾ ਮਨੌਲੀ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਕ੍ਰਿਸ਼ਨ ਚੰਦ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਗੁਰੀ, ਸ਼ਿਵਾ ਮਨੌਲੀ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਿੱਲਾ, ਸਿਮੂ ਅਤੇ ਹਰਸ਼ ਸਮੇਤ ਹੋਰ ਨੌਜਵਾਨ ਸਾਥੀ ਸ਼ਾਮਲ ਸਨ।