GMADA ਦਫ਼ਤਰ ’ਤੇ ED ਦੀ ਕਾਰਵਾਈ ਨੂੰ ਲੈ ਕੇ AAP ਨੇ ਚੁੱਕੇ ਸਵਾਲ, ਅੱਜ ਘੇਰਾਓ ਦਾ ਐਲਾਨ
ਮੁਹਾਲੀ, 24 ਸਤੰਬਰ 2026- ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਵੱਲੋਂ ਅੱਜ ED ਦੀਆਂ ਟੀਮਾਂ ਦੀ ਕਾਰਵਾਈ ਦੇ ਵਿਰੋਧ ਵਿੱਚ GMADA ਦਫ਼ਤਰ ਦੇ ਘੇਰਾਓ ਦਾ ਐਲਾਨ ਕੀਤਾ ਗਿਆ ਹੈ।
‘ਆਪ’ ਆਗੂਆਂ ਦਾ ਦੋਸ਼ ਹੈ ਕਿ ਲੰਬੀ ਛਾਪੇਮਾਰੀ ਦੇ ਬਾਵਜੂਦ ED ਨੂੰ ਹੁਣ ਤੱਕ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਕੇਂਦਰੀ ਜਾਂਚ ਏਜੰਸੀਆਂ ਦੀ ਸਰਗਰਮੀ ਵਧ ਰਹੀ ਹੈ ਅਤੇ ਇਸ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਚਰਚਾ ਤੇਜ਼ ਹੋ ਗਈ ਹੈ।
ਪਾਰਟੀ ਨੇ ED ਦੀ ਕਾਰਵਾਈ ਦੇ ਸਮੇਂ ਅਤੇ ਤਰੀਕੇ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਇਸ ਰਾਹੀਂ ਅਧਿਕਾਰੀਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਂਦਰੀ ਏਜੰਸੀਆਂ ਦੀ ਕਿਸੇ ਵੀ ਕਥਿਤ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ED ਦੀ ਕਾਰਵਾਈ ਨੂੰ ਚੋਣਾਂ ਤੋਂ ਪਹਿਲਾਂ ਸਿਆਸੀ ਦਬਾਅ ਬਣਾਉਣ ਨਾਲ ਜੋੜਿਆ ਹੈ।








