ਟੈਲੀਕੌਮ ਨਿਯਮਾਂ ‘ਚ ਵੱਡਾ ਬਦਲਾਅ: ਮੋਬਾਈਲ ਕੰਪਨੀਆਂ ਨੂੰ 30 ਦਿਨਾਂ ਵਾਲੇ ਪਲਾਨ ਦੇਣੇ ਲਾਜ਼ਮੀ, ਪ੍ਰੀਪੇਡ ਮੋਬਾਈਲ ਗਾਹਕਾਂ ਲਈ ਵੌਇਸ ਅਤੇ SMS ਪਲਾਨ ਹੋਏ ਸ਼ੁਰੂ
ਨਵੀਂ ਦਿੱਲੀ/ਚੰਡੀਗੜ੍ਹ, 27 ਸਤੰਬਰ 2026- ਭਾਰਤ ਦੇ ਕਰੋੜਾਂ ਪ੍ਰੀਪੇਡ ਮੋਬਾਈਲ ਉਪਭੋਗਤਾਵਾਂ ਲਈ ਰੀਚਾਰਜ ਪਲਾਨਾਂ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਵਿੱਚ ਲਗਾਤਾਰ ਮਹਿੰਗੇ ਹੋ ਰਹੇ ਮੋਬਾਈਲ ਰੀਚਾਰਜਾਂ ਅਤੇ 28 ਦਿਨਾਂ ਵਾਲੇ ਪਲਾਨਾਂ ਤੋਂ ਪਰੇਸ਼ਾਨ ਗਾਹਕਾਂ ਲਈ ਸਰਕਾਰ ਅਤੇ ਭਾਰਤੀ ਟੈਲੀਕੌਮ ਨਿਯਾਮਕ ਅਥਾਰਟੀ (TRAI) ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਟੈਲੀਕੌਮ ਕੰਪਨੀਆਂ ਦੀ ਮਨਮਾਨੀ ਉੱਤੇ ਠੱਲ੍ਹ ਪਾਉਂਦਿਆਂ ‘ਟੈਲੀਕੌਮ ਕੰਜ਼ਿਊਮਰ ਪ੍ਰੋਟੈਕਸ਼ਨ (13ਵਾਂ ਸੰਸ਼ੋਧਨ) ਰੈਗੂਲੇਸ਼ਨਜ਼, 2026’ (Telecom Consumer Protection Regulations, 2026) ਲਾਗੂ ਕਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਸਾਂਝੀ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਸਾਰੀਆਂ ਪ੍ਰਮੁੱਖ ਟੈਲੀਕੌਮ ਕੰਪਨੀਆਂ ਨੂੰ 28 ਦਿਨਾਂ ਦੀ ਬਜਾਏ ਪੂਰੇ 30 ਦਿਨਾਂ ਦੀ ਵੈਧਤਾ (Validity) ਵਾਲੇ ਰੀਚਾਰਜ ਪਲਾਨ ਮੁਹੱਈਆ ਕਰਵਾਉਣੇ ਪੈਣਗੇ। ਇਸ ਫੈਸਲੇ ਨਾਲ ਆਮ ਜਨਤਾ ਨੂੰ ਆਰਥਿਕ ਤੌਰ ‘ਤੇ ਵੱਡਾ ਫਾਇਦਾ ਹੋਵੇਗਾ, ਕਿਉਂਕਿ ਪਹਿਲਾਂ ਉਪਭੋਗਤਾਵਾਂ ਨੂੰ 28 ਦਿਨਾਂ ਦੇ ਚੱਕਰ ਵਿੱਚ ਸਾਲ ਵਿੱਚ 12 ਦੀ ਥਾਂ 13 ਵਾਰ ਰੀਚਾਰਜ ਕਰਵਾਉਣਾ ਪੈਂਦਾ ਸੀ। ਹੁਣ ਪੂਰੇ ਮਹੀਨੇ ਦੀ ਵੈਧਤਾ ਮਿਲਣ ਨਾਲ ਗਾਹਕਾਂ ਨੂੰ ਸਾਲ ਵਿੱਚ ਸਿਰਫ਼ 12 ਰੀਚਾਰਜ ਹੀ ਕਰਨੇ ਪੈਣਗੇ।
ਇਸ ਨਵੇਂ ਰੈਗੂਲੇਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ, ਜੋ ਖਾਸ ਕਰਕੇ ਘੱਟ ਬਜਟ ਵਾਲੇ ਅਤੇ ਬਜ਼ੁਰਗ ਉਪਭੋਗਤਾਵਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਅਕਸਰ ਦੇਖਿਆ ਜਾਂਦਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਮੋਬਾਈਲ ਡਾਟਾ (ਇੰਟਰਨੈੱਟ) ਦੀ ਲੋੜ ਨਹੀਂ ਹੁੰਦੀ ਸੀ, ਉਨ੍ਹਾਂ ਨੂੰ ਵੀ ਮਜਬੂਰੀ ਵਿੱਚ ਡਾਟਾ ਪੈਕ ਵਾਲੇ ਮਹਿੰਗੇ ਰੀਚਾਰਜ ਕਰਵਾਉਣੇ ਪੈਂਦੇ ਸਨ। ਪਰ ਹੁਣ ਕੰਪਨੀਆਂ ਨੂੰ ਸਿਰਫ਼ ‘ਵੌਇਸ ਕਾਲਿੰਗ’ (Voice) ਅਤੇ ‘ਐਸਐਮਐਸ’ (SMS) ‘ਤੇ ਆਧਾਰਿਤ ਵੱਖਰੇ ਪਲਾਨ ਵੀ ਉਪਲਬਧ ਕਰਵਾਉਣੇ ਹੋਣਗੇ। ਇਸ ਨਾਲ ਆਮ ਗਾਹਕਾਂ ਦੇ ਪੈਸਿਆਂ ਦੀ ਵੱਡੀ ਬਚਤ ਹੋਵੇਗੀ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰੀਪੇਡ ਯੂਜ਼ਰਾਂ ਵੱਲੋਂ ਮੋਬਾਈਲ ਰੀਚਾਰਜਾਂ ਦੀਆਂ ਵਧਦੀਆਂ ਕੀਮਤਾਂ ਅਤੇ 28 ਦਿਨਾਂ ਦੀ ਸਮਾਂ-ਸੀਮਾ ਸਬੰਧੀ ਕਾਫ਼ੀ ਸ਼ਿਕਾਇਤਾਂ ਅਤੇ ਚਿੰਤਾਵਾਂ ਮਿਲ ਰਹੀਆਂ ਸਨ। ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ, ਰਾਘਵ ਚੱਢਾ ਨੇ ਚਾਲੂ ਸਾਲ ਵਿੱਚ 11 ਮਾਰਚ ਨੂੰ ਸੰਸਦ (ਰਾਜ ਸਭਾ) ਵਿੱਚ ਇਹ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਸੀ।
ਉਨ੍ਹਾਂ ਨੇ ਸੰਸਦ ਵਿੱਚ ਮੰਗ ਕੀਤੀ ਸੀ ਕਿ ਟੈਲੀਕੌਮ ਕੰਪਨੀਆਂ ਨੂੰ 30 ਦਿਨਾਂ ਦਾ ਮਹੀਨਾਵਾਰ ਪਲਾਨ ਦੇਣ ਲਈ ਪਾਬੰਦ ਕੀਤਾ ਜਾਵੇ ਅਤੇ ਗਾਹਕਾਂ ਦੀਆਂ ਲੋੜਾਂ ਅਨੁਸਾਰ ਵਧੇਰੇ ਕਿਫਾਇਤੀ ਤੇ ਸੁਤੰਤਰ ਵਿਕਲਪ ਦਿੱਤੇ ਜਾਣ। ਸਰਕਾਰ ਅਤੇ ਟਰਾਈ ਵੱਲੋਂ ਨਿਯਮਾਂ ਵਿੱਚ ਕੀਤੇ ਗਏ ਇਸ ਸੁਧਾਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਘਵ ਚੱਢਾ ਨੇ ਸਰਕਾਰ ਅਤੇ ਟੈਲੀਕੌਮ ਰੈਗੂਲੇਟਰੀ ਅਥਾਰਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਦੇਸ਼ ਦੇ ਕਰੋੜਾਂ ਮੋਬਾਈਲ ਗਾਹਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਅਤੇ ਉਨ੍ਹਾਂ ਨੂੰ ਮਨਮਾਨੀਆਂ ਕੀਮਤਾਂ ਤੋਂ ਰਾਹਤ ਦਿਵਾਏਗਾ।







