785 ਲਾਇਬ੍ਰੇਰੀਅਨਾਂ ਦੀ ਭਰਤੀ ਲਈ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ
ਦਿੜ੍ਹਬਾ ਮੰਡੀ (ਸੰਗਰੂਰ), 29 ਸਤੰਬਰ 2026: ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ 785 ਲਾਇਬ੍ਰੇਰੀਅਨਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਬੇਰੁਜ਼ਗਾਰ ਲਾਇਬ੍ਰੇਰੀਅਨ ਸਵੇਰੇ 10 ਵਜੇ ਵੇਰਕਾ ਪਲਾਂਟ, ਸੰਗਰੂਰ ਵਿਖੇ ਇਕੱਠੇ ਹੋਣਗੇ।
ਇਹ ਐਲਾਨ ਸੂਬਾ ਪ੍ਰਧਾਨ ਰਾਜ ਸਿੰਘ ਭਾਦੌੜ, ਸਹਾਇਕ ਸੂਬਾ ਪ੍ਰਧਾਨ ਭੂਪਿੰਦਰ ਸਿੰਘ ਜਵੰਧਾ, ਪਰਮਿੰਦਰ ਕੌਰ, ਗਗਨਦੀਪ ਸਿੰਘ, ਰਿੰਕੂ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ ਅਤੇ ਕਾਲਾ ਸਿੰਘ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਗਿਆ।
ਇਸ ਮੌਕੇ ਨੌਜਵਾਨਾਂ ਨੇ ਸਰਕਾਰ ਵੱਲੋਂ ਫੰਡਾਂ ਦੀ ਘਾਟ ਦਾ ਹਵਾਲਾ ਦੇ ਕੇ 785 ਲਾਇਬ੍ਰੇਰੀਅਨਾਂ ਦੀ ਭਰਤੀ ਫਾਈਲ ਰੋਕੇ ਜਾਣ ਦੇ ਵਿਰੋਧ ਵਿੱਚ ਵਿਅੰਗਾਤਮਕ ਢੰਗ ਨਾਲ ‘ਕਿਡਨੀਆਂ ਵੇਚ ਕੇ’ ਸਰਕਾਰ ਲਈ ਫੰਡ ਇਕੱਠੇ ਕਰਨ ਦਾ ਪ੍ਰਦਰਸ਼ਨ ਕੀਤਾ।
ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿੱਚ ਸਵਾਲ ਨੰਬਰ 1923 ਦੇ ਜਵਾਬ ਦੌਰਾਨ 785 ਅਸਾਮੀਆਂ ਕੱਢ ਕੇ ਦਸੰਬਰ ਤੱਕ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ। ਫਰੰਟ ਨੇ ਸਰਕਾਰ ਤੋਂ ਇਸ ਭਰਤੀ ਪ੍ਰਕਿਰਿਆ ਨੂੰ ਤੁਰੰਤ ਅੱਗੇ ਵਧਾਉਣ ਦੀ ਮੰਗ ਕੀਤੀ ਹੈ।







