ਲੁਧਿਆਣਾ ’ਚ ਧੀਰੇਂਦਰ ਸ਼ਾਸਤਰੀ ਦੀਆਂ ਕਥਾ ਦੌਰਾਨ ਟਿੱਪਣੀਆਂ ’ਤੇ ਖੜ੍ਹਾ ਹੋਇਆ ਵਿਵਾਦ, ਮਾਫ਼ੀ ਦੀ ਮੰਗ

Top Trending News ਪੰਜਾਬ
  • ਲੁਧਿਆਣਾ ’ਚ ਧੀਰੇਂਦਰ ਸ਼ਾਸਤਰੀ ਦੀਆਂ ਕਥਾ ਦੌਰਾਨ ਟਿੱਪਣੀਆਂ ’ਤੇ ਖੜ੍ਹਾ ਹੋਇਆ ਵਿਵਾਦ, ਮਾਫ਼ੀ ਦੀ ਮੰਗ

ਲੁਧਿਆਣਾ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਲੁਧਿਆਣਾ ਵਿੱਚ ਚੱਲ ਰਹੀ 5 ਰੋਜ਼ਾ ਸ਼੍ਰੀ ਹਨੁਮੰਤ ਕਥਾ ਦੌਰਾਨ ਕੀਤੀਆਂ ਕੁਝ ਕਥਿਤ ਟਿੱਪਣੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਅਤੇ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਵੱਲੋਂ ਇਨ੍ਹਾਂ ਟਿੱਪਣੀਆਂ ’ਤੇ ਇਤਰਾਜ਼ ਜਤਾਇਆ ਗਿਆ ਹੈ।

ਸ਼ਾਹੀ ਇਮਾਮ ਨੇ ਧੀਰੇਂਦਰ ਸ਼ਾਸਤਰੀ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਫ਼ੀ ਨਹੀਂ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉੱਥੇ ਹੀ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਵੀ ਟਿੱਪਣੀਆਂ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਬਿਆਨਾਂ ’ਤੇ ਕਾਬੂ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲਾ ਕਦਮ ਕੀ ਹੋਵੇਗਾ, ਇਸ ਬਾਰੇ ਫੈਸਲਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਕ੍ਰਿਸਚੀਅਨ ਭਾਈਚਾਰੇ ਨੂੰ ਲੁਧਿਆਣਾ ਵਿੱਚ ਇਕੱਠਾ ਹੋਣ ਦੀ ਅਪੀਲ ਕੀਤੀ।

ਵਿਵਾਦ ਦਰਮਿਆਨ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਉਹ ਨਾ ਤਾਂ ਮੁਸਲਮਾਨਾਂ ਦੇ ਖ਼ਿਲਾਫ਼ ਹਨ ਅਤੇ ਨਾ ਹੀ ਇਸਾਈਆਂ ਦੇ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਕਥਾ ਦੌਰਾਨ ਧੀਰੇਂਦਰ ਸ਼ਾਸਤਰੀ ਨੇ ਧਰਮ ਬਦਲਣ ਅਤੇ ਹੋਰ ਧਰਮਾਂ ਨਾਲ ਸਬੰਧਤ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ। ਉਨ੍ਹਾਂ ਦੇ ਬਿਆਨ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।